ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।
ਅੱਜ ਕੱਲਾ ਹਾਂ ਰੋਹੀ ਦੇ ਰੁੱਖ ਵਾਂਗ ਭਾਵੇਂ,
ਦਿਨ ਫਿਰਨਗੇ ਕਦੇ ਯਾਰ ਬਥੇਰੇ ਹੋਣਗੇ ।
ਜਨਤਾ ਲੁੱਟ ਨੂੰ ਸਹੇਗੀ ਕਿੰਨਾ ਕੁ ਚਿਰ,
ਛੇਤੀ ਹੀ ਚਿੜੀਆ ਨੇ ਬਾਜ ਘੇਰੇ ਹੋਣਗੇ।
ਜਖ਼ਮ ਹਾਦਸੇ ਦੇ ਭਰੇ ਨਹੀਂ ਹਰੇ ਨੇ ਅਜੇ
ਲਗਦੈ ਹਰ ਸਾਲ ਕਿਸੇ ਨੇ ਉਚੇੜੇ ਹੋਣਗੇ।
ਰਾਤ ਨੂੰ ਗੁਮਾਨ ਜੋ ਆਪਣੀ ਸਿਆਹੀ ਦਾ
ਟੁੱਟ ਜਾਵੇਗਾ ਜਦੋਂ ਸੋਨ ਸਵੇਰੇ ਹੋਣਗੇ
ਮੈਂ ਖੁਦ ਨਹੀਂ ਕੀਤੀ ਵਫਾ ਕਿਸੇ ਨਾਲ।
ਪਰ ਹੋਰਾਂ ਤੋਂ ਰਿਹਾਂ ਹਾਂ ਵਫਾਦਾਰੀ ਭਾਲ।
ਕੰਨ ਪੜਵਾ ਕੇ ਰਾਝਾਂ ਨਹੀਂ ਕੋਈ ਬਣ ਜਾਂਦਾ,
ਔਖਾ ਬੜਾ ਹੈ ਵੱਗ ਚਰਾਉਣਾ ਬਾਰਾਂ ਸਾਲ।
ਇਹ ਤਾਂ ਸਬ ਸਾਡੇ ਮਾਸ ਖਾਣ ਦੇ ਬਹਾਨੇ,
ਗਊ ਬੱਕਰਾ ਨਾ ਜਾਣੇ ਕੀ ਝਟਕਾ ਹਲਾਲ।
ਉਸ ਰੱਬ ਨੇ ਤਾਂ ਸਬ ਨੂੰ ਸੀ ਬੰਦੇ ਬਣਾਇਆ,
ਅਸੀਂ ਖੁਦ ਬਣ ਬੇਠੈ ਰਾਮ,ਸਿੰਘ ਤੇ ਜ਼ਮਾਲ।
ਕੁੱਤੀ ਸ਼ਰੇਆਮ ਚੋਰਾਂ ਤੋਂ ਰਿਸ਼ਵਤ ਪਈ ਖਾਂਦੀ,
ਦੱਸੋ ਰਾਤ ਨੂੰ ਉਹ ਭੌਕੂਂ ਹੁਣ ਕਿਹੜੇ ਮੂੰਹ ਨਾਲ।
ਇੱਕ ਕਤਰਾ ਵੀ ਉਤੱਰੀ ਨਾ ਮੈਲ ਮੇਰੇ ਮਨ ਤੋਂ,
ਮਾਲਾ ਫੇਰਦੇ ਨੂੰ ਹੋਗੇ ਨੇ ਮੇਨੂੰ ਕਈ ਸਾਲ
ਦਿਲਾਂ ਵਿੱਚ ਦੂਰੀਆਂ ਜੇਕਰ ਹੋਠੀਂ ਮੁਸਕਾਨ ਕੀ ਕਰੀਏ?
ਖੁਦ ਵਿਚ ਗੁੰਮ ਗਏ ਖੁਦ ਦੀ ਭਲਾ ਪਹਿਚਾਣ ਕੀ ਕਰੀਏ?
ਰੁਖ ਹਾਂ ਲਰਜਦਾ ਹਾਂ ਝੂਲਦਾ ਹਾਂ ਮੇਰੀ ਸ਼ਾਨ ਵੱਖਰੀ ਹੈ ?
ਮਿੱਟੀ ਤੋਂ ਲਈ ਖੁਦਾਈ ਪਰ ਜੜ੍ਹਾਂ ਦਾ ਮਾਨ ਕੀ ਕਰੀਏ?
ਗਰੀਬੀ ਤੇ ਫਟੇਹਾਲੀ, ਮਲੰਗੀ ਬਾਦਸ਼ਾਹੀ ਸਾਡੀ,
ਕਾਹਨਾ ਰੰਗ ਮਹਿਲਾਂ ਦੀ ਤੇਰੀ ਸੌਗਾਤ ਕੀ ਕਰੀਏ?
ਹੁਸਨ ਓ ਜਲਾਲ ਦੇ ਤੇਰੇ ਵਪਾਰੀ ਬਹੁਤ ਬੈਠੇ ਹਨ,
ਬਜਾਰ ਇਸ਼ਕ ਦਾ ਲੱਗਾ ਮੇਰੇ ਜ਼ਜ਼ਬਾਤ ਕੀ ਕਰੀਏ?
ਆਈ ਬਹਾਰ ਤੇ ਉਹੀ ਨੇ ਸਾਥੋਂ ਦੂਰ ਜਾ ਬੈਠੇ,
ਹਾਏ ਕੀ ਮਿਲ਼ਨ ਰੁੱਤ ਕਰੀਏ ਮਿਲਨ ਦੀ ਰਾਤ ਕੀ ਕਰੀਏ?
ਇਹ ਖੰਡਰ ਹਨ ਖਾਮੋਸ਼ੀ ਦੇ ਕਿਸੇ ਨਹੀਂ ਥਿਰਕਣਾ ਏਥੇ,
ਕਿਸੇ ਨਾ ਕੰਮ ਤੇਰਾ ਰਾਗ ਤੇਰੇ ਇਹ ਸਾਜ ਕੀ ਕਰੀਏ?
ਉਹ ਕਹਿੰਦੀ ਆ ਜਾ ਨਿੱਤਰ ਕੇ ਜੇ ਤੇਰੀ ਜੇਬ ਵਿੱਚ ਦਮ ਹੈ,
ਕੀ ਫੂਕਣਾ ਮੈਂ ਸ਼ਿਅਰਾਂ ਨੂੰ ਤੇਰੀ ਇਹ ਬਾਤ ਕੀ ਕਰੀਏ?
ਜੱਟ ਮੂੜ੍ਹ ਹੈ ਔਲ਼ਖ ਉਡਾਰੀ ਹੈ ਨਈਂ ਸ਼ਿਅਰਾਂ ਵਿੱਚ,
ਗ਼ਜ਼ਲ ਵਿਧਾਨ ਨਈਂ ਸਿਖਿਆ ਗ਼ਜ਼ਲ ਦਾ ਘਾਤ ਕੀ ਕਰੀਏ?
ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਜ਼ਾਰੀਂ ਇਨਸਾਨ ਵਿਕ ਰਹੇ ਨੇ।
ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ
ਇਸ ਸ਼ਹਿਰ ਵਿਚ ਮਸੀਹਾ, ਲੁਕਮਾਨ ਵਿਕ ਰਹੇ ਨੇ।
ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।
ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ
ਏਥੇ ਗਲੀ ਗਲੀ ਵਿਚ ਭਗਵਾਨ ਵਿਕ ਰਹੇ ਨੇ।
ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ
ਚਾਂਦੀ ਦੇ ਪੰਨਿਆਂ ‘ਤੇ ਵਿਦਵਾਨ ਵਿਕ ਰਹੇ ਨੇ।
ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ ‘ਮਾਨ’ ਕੀ ਕੀ
ਥਾਂ ਥਾਂ ਟਕੇ ਟਕੇ ਵਿਚ ਧਨਵਾਨ ਵਿਕ ਰਹੇ ਨੇ।
ਮੈਂ ਭਲੇ ਬੁਰੇ ਨੂੰ ਚੰਗੀ ਤਰਾਂ ਪਛਾਣਦਾ ਹਾਂ।
ਝੁਕਣਾ ਵੀ ਆਉਂਦਾ ਝੁਕਾਉਣਾ ਵੀ ਜਾਣਦਾ ਹਾਂ।
ਮੈਂ ਦੁੱਖਾਂ ਦੀ ਧੁੱਪ ਵਿਚ ਹਾਂ ਏਨਾ ਕੁ ਸੜਿਆ,
ਕਿ ਕਮਰੇ ਦੇ ਅੰਦਰ ਵੀ ਛਤਰੀ ਤਾਣਦਾ ਹਾਂ।
ਜਿੰਨਾ ਤੂੰ ਸਮਝਦੈਂ ਮੈਂ ਇੰਨਾ ਵੀ ਨਹੀਂ ਭੋਲਾ,
ਮੈਂ ਸ਼ੀਸ਼ੇ ਤੇ ਪੱਥਰ ਵਿਚ ਫਰਕ ਜਾਣਦਾ ਹਾਂ।
ਮੈਂ ਬੱਦਲਾਂ ਦੇ ਵਾਂਗੂ ਫੋਕਾ ਨਹੀਂ ਗੱਜਦਾ,
ਮੈਂ ਕਰਕੇ ਵਿਖਾਂਦਾ ਜੋ ਦਿਲ ‘ਚ ਠਾਣਦਾ ਹਾਂ।
ਅਜੇ ਨਹੀਂ ਮੌਕਾ ਆਉਣ ਤੇ ਦੱਸਾਂਗਾ ਤੈਨੂੰ,
ਮੈਂ ਤੇਰੇ ਹਰ ਸਵਾਲ ਦਾ ਜਵਾਬ ਜਾਣਦਾ ਹਾਂ।
ਉਹ ਐਸਾ ਗਵਾਚਾ ਮੁੜ ਮਿਲਿਆ ਨਾ ਮੈਨੂੰ,
ਮੈਂ ਅੱਜ ਵੀ ਉਹਨਾਂ ਗਲੀਆਂ ਦੀ ਖਾਕ ਛਾਣਦਾ ਹਾਂ।
ਨਾ ਗਰਮੀ ਨੂੰ ਕੋਸਾਂ ਨਾ ਸਰਦੀ ਨੂੰ ਨਿੰਦਾਂ,
ਮੈਂ ਕੁਦਰਤ ਦੇ ਸਾਰੇ ਹੀ ਰੰਗ ਮਾਣਦਾ ਹਾਂ
ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ
ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ
ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ
ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ
ਹਾਸਿਲ ਕਰੀਏ ਗਿਆਨ ਕੋਈ ਸੀਮਾ ਨਹੀਂ
ਚਾਨਣ ਵੰਡਣ ਵਾਲੇ ਕਦੇ ਵੀ ਨੰਗ ਨਹੀਂ ਹੁੰਦੇ
ਆਪਣਿਆਂ ਦਾ ਮੋਹ ਹੀ ਸਦਾ ਸਤਾਉਂਦਾ ਹੈ
ਪੰਛੀ ਤੇ ਪ੍ਰਦੇਸੀ ਤਾਹੀਓਂ ਤੰਗ ਨਹੀਂ ਹੁੰਦੇ
ਵਿਰਲਾ ਕੋਈ ਤਾਜ ਪਹਿਨਦਾ ਕੰਡਿਆਂ ਦਾ
ਐਰੇ ਗੈਰੇ ਬੰਦੇ ਤਾਂ ਸੂਲੀ ਟੰਗ ਨਹੀਂ ਹੁੰਦੇ
ਸਭ ਦੀ ਵੱਖਰੀ ਤੋਰ ਨਿਰਾਲਾ ਜੀਵਨ ਹੈ
ਇਕੋ ਵਰਗੇ ਸਭ ਲੋਕਾਂ ਦੇ ਢੰਗ ਨਹੀਂ ਹੁੰਦੇ
ਦੁਨੀਆਂ ਦੀ ਇਹ ਮੰਡੀ ਨਿਰਾ ਬਰੂਦ ਜਿਹਾ
ਉਸ ਧਰਤੀ ਤੇ ਚੱਲੀਏ ਜਿਥੇ ਜੰਗ ਨਹੀਂ ਹੁੰਦੇ
ਮਤਲਬਾ ਦੀ ਨੀਂਹ ਤੇ ਉੱਸਰੇ, ਮੈਂ ਯਾਰਾਨੇ ਵੇਖ ਲਏ।
ਜਾਨੋ ਵੱਧ ਪਿਆਰੇ ਆਪਣੇ, ਹੁੰਦੇ ਬੇਗਾਨੇ ਵੇਖ ਲਏ।
ਅੱਖ ਖੁਂਲੀ ਤੇ ਛੱਡਗੇ, ਸੁਪਨੇ ‘ਚ ਜਿੰਨਾ ਬਾਂਹ ਫੜੀ,
ਸੁਪਨੇ ਤਾਂ ਸੁਪਨੇ ਦੋਸਤੋ, ਮੈਂ ਵਿਚ ਜ਼ਮਾਨੇ ਵੇਖ ਲਏ।
ਮੈਨੂੰ ਪਤਾ ਮੇਰੀ ਗੱਲ ਦਾ,ਕਰਨਾ ਨਹੀਂ ਤੁਸਾਂ ਯਕੀਨ,
ਮੈਂ ਸਂਜਨਾਂ ਦੀ ਮੌਤ ਤੇ, ਗਾਉਂਦੇ ਤਰਾਨੇ ਵੇਖ ਲਏ।
ਏਸ ਤੋਂ ਵੱਧ ਹੋਰ ਕੀ,ਦੱਸੋ ਕਰੂ ਤਰੱਕੀ ਆਦਮੀ,
ਬਿਨਾ ਕਿਸੇ ਹਥਿਆਰ ਦੇ,ਲਾਉਂਦੇ ਨਿਸ਼ਾਨੇ ਵੇਖ ਲਏ।
ਕਰਦੇ ਸੀ ਦਾਅਵੇ ਨਿੱਤ ਜੋ,ਸਿਰਾਂ ਨਾਲ ਨਿਭਾਉਣ ਦੇ,
ਮੈਨੂੰ ਫਸਾ ਕੇ ਜ਼ਾਲ ਵਿਚ, ਕਰਦੇ ਬਹਾਨੇ ਵੇਖ ਲਏ।
ਮੈਅ ਨੂੰ ਕੀ ਹੋ ਗਿਆ, ਮੈਨੂੰ ਨਹੀਂ ਹੁੰਦਾ ਨਸ਼ਾ,
ਏਧਰ ਓਧਰ ਘੁੰਮ ਕੇ, ਮੈਂ ਕਈ ਮੈਖਾਨੇ ਵੇਖ ਲਏ।
ਦੁਨੀਆ ਭਰ ਦੇ ਸਾਰੇ ਐਬ, ਮੇਰੇ ਵਿਚ ਮੌਜ਼ੂਦ ਨੇ,
ਸੋਟਾ ਪੀੜੀ ਥੱਲੇ ਫੇਰ ਕੇ, ਆਪਣੇ ਤਹਿਖਾਨੇ ਵੇਖ ਲਏ।
ਖੂਨ ਪਾਣੀ ਹੋ ਗਿਆ, ਨਾਤਾ ਨਾ ਕੋਈ ਰਹਿ ਗਿਆ,
ਪੈਸੇ ਨਾਲ ਰਿਸ਼ਤੇ ਤੋਲਦੇ,ਮੈਂ ਨਵੇਂ ਪੈਮਾਨੇ ਵੇਖ ਲਏ