ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ ਜੀ ਦਾ ਜਨਮ ਜਨਮ ਪਿੰਡ ਰਾਏਸਰ (ਬਰਨਾਲਾ) ਵਿਖੇ 20 ਅਪ੍ਰੈਲ 1939 ਨੂੰ ਹੋਇਆ | ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ | ਆਪ ਜੀ ਦਾ ਕਾਵਿ ਸੰਗ੍ਰਹਿ "ਲਹੂ ਭਿੱਜੇ ਬੋਲ" ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ | ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਨੇ |
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ।
ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੂਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਨੇ ਔਰ ਚੇਤਨਾ ਪੈਦਾ ਕਰ ਰਹੇ ਨੇ | 



ਵਸੀਅਤ - ਸੰਤ ਰਾਮ ਉਦਾਸੀ

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।

ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ।

ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ,
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ।

ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ।

ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ।




ਓ ਲੈ ਆ ਤੰਗਲ਼ੀ......

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ।
ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ।
ਓ ਲੈ ਆ ਤੰਗਲ਼ੀ......

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ........
ਓ ਲੈ ਆ ਤੰਗਲ਼ੀ......

ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ, ਤੇ ਖਾਦ ਖਾ ਗਈ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ।
ਓ ਲੈ ਆ ਤੰਗਲ਼ੀ........

ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ।
ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਪ ਲੱਗਿਆ?
ਓ ਲੈ ਆ ਤੰਗਲ਼ੀ.......

ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ।
ਓ ਲੈ ਆ ਤੰਗਲ਼ੀ............




ਸੰਤ ਰਾਮ ਉਦਾਸੀ ਦੀ ਇਸ ਰਚਨਾ ਨੂੰ ਜਸਬੀਰ ਜੱਸੀ ਨੇ ਵੀ ਗਾਈਆ ਹੈ

ਮਾਂ ਧਰਤੀਏ ਤੇਰੀ ਗੋਦ ਨੂੰ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ !
ਮਾਂ ਧਰਤੀਏ ਤੇਰੀ ਗੋਦ ਨੂੰ, ਓ ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ !ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਹਾਏ!
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਹੋ ਓ ਓ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਹਾਏ!
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਹੋ ਓ ਓ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਵਾਲ ਤਰਸਦੇ ਕੰਘੀਆਂ ਨੂੰ,ਨੱਕ ਵਗਦੇ, ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!


ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ, ਹਾਏ!
ਡੱਕਿਆਂ ਦੀ ਮੀਰੀ-ਪੀਰੀ ਹੈ, ਹੋ ਓ ਓ
ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ, ਹਾਏ!
ਡੱਕਿਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ,
ਕਰਜ਼ੇ ਹੇਠ ਪੰਜ਼ੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਘੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!


ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਹਾਏ!

ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਹਾਏ!
ਜਿੱਥੇ ਅਣਵਿਆਈਆਂ ਹੀ ਮਾਵਾਂ ਨੇ,
ਅਣਵਿਆਈਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!


ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,
ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇੜੇ

ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਤੂੰ ਆਪਣਾ ਆਪ ਹੀ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!

ਜਿੱਥੇ ਲੋਕ ਬੜੇ ਮਜ਼ਬੂਰ ਜਿਹੇ, ਹਾਏ!
ਦਿੱਲੀ ਦੇ ਦਿਲ ਤੋਂ ਦੂਰ ਜਿਹੇ, ਹੋ ਓ ਓ
ਜਿੱਥੇ ਲੋਕ ਬੜੇ ਮਜ਼ਬੂਰ ਜਿਹੇ, ਹਾਏ!
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰ ਕੇ ਚੰਮ ਲਿਜਾਂਵਦੇ,
ਹਨ ਪੂਜਕ ਤੇਰੇ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਮਾਂ ਧਰਤੀਏੇ ਤੇਰੀ ਗੋਦ ਨੂੰ, ਮਾਂ ਧਰਤੀਏੇ ਤੇਰੀ ਗੋਦ ਨੂੰ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,

ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ !

ਸੰਤ ਰਾਮ ਉਦਾਸੀ


ਅਧੂਰੀ ਸਵੈ ਗਾਥਾ

ਵਿਧ ਮਾਤਾ ਛੱਡੇ ਜਾ ਕੰਨ ਮੇਰੇ, ਧਰਤੀ ਵੱਲ ਮੈਂ ਤੁਰਤ ਪਧਾਰਿਆ ਸੀ
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ, ਆ ਕੇ ਅਸੀਂ ਅਵਤਾਰ ਆ ਧਾਰਿਆ ਸੀ
ਆਖੇ ਪਿੰਡ ਦਾ ਚੌਧਰੀ ਪਤਨੀ ਨੂੰ, ਆਪਾਂ ਹੁਣੇ ਛੰਗਵਾ ਲਈਏ ਸੋਟੀਆਂ ਜੀ
’ਪਾਲੀ’ ਆਪਣੇ ਨੇ ਜਨਮ ਲੈ ਲਿਆ ਹੈ, ਆਪਾਂ ਲੈ ਲਈਏ ਹੋਰ ਦੋ ਝੋਟੀਆਂ ਜੀ
’ਲਾਲੀ’ ਆਪਣੇ ਦੀ ਘਸੀ ਪੈਂਟ ਦੇ ਕੇ ਸਾਨੂੰ ਇਹਦੀ ਦੀਵਾਲੀ ਬਣਾਉਣੀਂ ਪੈਣੀ
ਦੇਸੀ ਟੱਟੂ ਦੁੱਲਤੜੇ ਖ਼ੁਰਾਸਾਨੀ, ਇਹ ਵੀ ਜੱਗ ਨੂੰ ਝਾਕੀ ਦਿਖਾਉਣੀ ਪੈਣੀ
ਮੈਨੂੰ ਸੁਰਤ ਦਾ ਜ਼ਰਾ ਸੀ ਸੇਕ ਲੱਗਾ, ਸੇਠ ਮੇਰੇ ਤੇ ਅੱਖ ਟਿਕਾਉਣ ਲੱਗਾ
ਭਾਵੇਂ ਛੋਟਾ ਹੈ ਪਰ ਬੜਾ ਹੀ ਚੁਰਚੁਰਾ ਹੈ, ਮੱਝਾਂ ਕਿਤੇ ਨੀ ਇਹ ਗੰਵਾਉਣ ਲੱਗਾ
ਮੇਰੇ ਦੁਖੀਏ ਬਾਪ ਦੀ ਸੋਚ ਬੁੱਢੀ ਝੇਂਪ ਵਿੱਚ ਆ ਕੇ ਹਾਂਅ ਕਰ ਦਿੱਤੀ
ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈੰਨੂ ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ ...............



ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ
ਥੋਨੂੰ ਸ਼ਰਧਾ ਦੇ ਫ਼ੁੱਲ ਚੜ੍ਹਾਉਣ ਲੱਗਿਆਂ
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ
ਮੁੱਢ ਬੰਨ੍ਹਿਐ ਤੁਸੀਂ ਕਹਾਣੀਆਂ ਦਾ
ਸੌਂਹ ਖਾਂਦੇ ਹਾਂ ਜੁਆਨੀਆਂ ਦੀ
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ
(ਸੰਤ ਰਾਮ ਉਦਾਸੀ)


ਸ਼ੁਕਰੀਆ ਦੋਸਤੋ

ਜਦ ਤਕ ਪੰਜ ਦਰਿਆ ਨਾ ਥੰਮਣ
ਵਗਦਾ ਰਹੇ ਤੇਰਾ ਖੂਹ ਮਿੱਤਰਾ||
ਵਧੇ ਫੁੱਲੇ ਤੇ ਜਵਾਨੀ ਮਾਣੇ
ਖੁਸ਼ ਹੀ ਰਹੇ ਤੇਰੀ ਰੂਹ ਮਿੱਤਰਾ||
ਜੀਵੇ ਤੇਰੀ ਭਾਰਤ ਮਾਤਾ
ਜਿਸਦਾ ਤੂੰ ਰਖ਼ਵਾਲਾ ਏਂ||
ਜੀਵੇ ਤੇਰੀ ਅੱਲੜ੍ਹ ਜੱਟੀ
ਜਿਸਦਾ ਤੂੰ ਮਤਵਾਲਾ ਏਂ||
ਜੀਵਣ ਤੇਰੇ ਲੋਕ ਗੀਤ,
ਜੋ ਪਾਉਣ ਕਲੇਜੇ ਧੂਹ ਮਿੱਤਰਾ||

ਸੰਤ ਰਾਮ ਉਦਾਸੀ



ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ






ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ

ਸੱਤ ਸਮੁੰਦਰੋਂ ਪਾਰ ਗਿਆ ਉਹ
ਕਰ ਕੇ ਕੌਲ ਕਰਾਰ ਗਿਆ ਉਹ
ਦਿਲ ਵੀ ਤੱਕ-ਤੱਕ ਹਾਰ ਗਿਆ ਉਹ
ਮਾਹੀ ਮੇਰੇ ਦੀ ਕਾਲੀ ਕੰਬਲੀ, ਝੋਲੇ ਵਿਚ ਪਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ

ਸਾਉਣ ਦੀ ਬਦਲੀ ਵਰ-ਵਰ ਜਾਵੇ
ਯਾਦ ਪਰੀਤਮ ਦੀ ਦਿਲ ਤੜਪਾਵੇ
ਖਤ ਪਰੀਤਮ ਦਾ ਕੋਈ ਨਾ ਆਵੇ
ਜੇ ਖਤ ਉਸਦਾ ਲਿਆ ਨੀ ਸਕਦਾ, ਸਿਰਨਾਵਾਂ ਹੀ ਲਿਆ ਦੇ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ

ਤੁੰ ਪਰੀਤਮ ਦਾ ਲਿਆਵੇਂ ਸੁਨੇਹੜਾ
ਤੇਰੇ ਵਰਗਾ ਦਰਦੀ ਕਿਹੜਾ
ਪਰ ਜੇ ਮੇਰਾ ਸੱਖਣ ਵਿਹੜਾ
ਸਖਤੇ ਦੇ ਨਾਲ ਪਿਆਰ ਵੰਡਾ ਕੇ, ਰੋਗ ਹੱਡਾਂ ਨੂੰ ਲਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ ...............




ਦਿੱਲੀਏ ਦਿਆਲਾ ਦੇਖ਼


ਦਿੱਲੀਏ ਦਿਆਲਾ ਦੇਖ਼ ਦੇਗ਼ 'ਚ ਉਬਲਦਾ ਨੀ,
ਤੇਰਾ ਦਿਲ ਨਾ ਠਰੇ |
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨਮੱਤੀਆਂ ਕਰੇ |

ਲੋਕਾਂ ਦੀਆਂ ਭੁੱਖ਼ਾਂ ਉੱਤੇ ਫ਼ਤਿਹ ਸਾਡੀ ਦੇਗ਼ ਦੀ |
ਅਸੀਂ ਤਾਂ ਆ ਮੌਤ ਦੇ ਚਬੂੱਤਰੇ 'ਤੇ ਆਣ ਖੜੇ |
ਇਹ ਤਾਂ ਭਾਵੇਂ ਖੜੇ ਨਾ ਖੜੇ |

ਤੇਰੇ ਤਾਂ ਪਿਆਦੇ ਨਿਰੇ ਖ਼ੇਤਾਂ ਦੇ ਪ੍ਰੇਤ ਨੀ |
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖ਼ੇਤ ਨੀ |
ਸੌਂਦੇ ਨੇ ਘਰੋੜ ਤੇ ਰੜੇ |

ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ |
ਬੜੀ ਛੇਤੀ ਇਹਦੀ ਬਰੀ ਹੋਣ ਦੀ ਉਮੈਦ ਹੈ |
ਪਿੰਡਾ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀ ਵੜੇ ਕਿ ਵੜੇ |

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆ ਬੇਓੜ ਨੀਂ |
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀ ਕਰੌੜ ਨੀ ,
ਸਿੰਘ ਤੈਥੋਂ ਜਾਣੇ ਨਾ ਫੜੇ |

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ |
ਗੱਲ ਨਹੀਂ ਆਉਂਣੀ ਤੇਰੇ ਝੂਠੇਆਂ ਗਵਾਹਾਂ ਨੂੰ |
ਸੰਗਤ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ ,
ਲੈ ਕੇ ਫ਼ੌਜੀ ਖ਼ਾਲਸੇ ਖੜੇ |
ਮੈਂ ਅਗਿਆਨੀ ਗਵਾਰ ਹੂੰ ,ਬੱਸ ਕਹੂੰ ਤੂੰ-ਤੂੰ....



ਕਾਲਿਆ ਕਾਵਾਂ ਵੇ..( Kaliya Kaawan Ve )

ਉੱਡ ਜਾ ਕਾਵਾਂ ਕਾਲਿਆ ਵੇ, ਉੱਡ ਜਾ ਕਾਵਾਂ ਕਾਲਿਆ ਵੇ...

ਪੈਰੀਂ ਤੇਰੇ ਘੁੰਗਰੂ ਪਾਵਾਂ
ਆ ਸੋਨੇ ਦੀ ਚੁੰਝ ਮੜਾਵਾਂ
ਕੁੱਟ-ਕੁੱਟ ਤੈਨੂੰ ਚੁਰੀਆਂ ਪਾਵਾਂ
ਮਾਹੀ ਮੇਰੇ ਦਾ ਤੁੰ ਸਿਰਨਾਵਾਂ
ਖੰਭਾਂ ਉਪਰ ਲਿਖਾ ਲਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ...

ਰੋਜ਼ ਬਨੇਰੇ ਬੋਲ ਕੇ ਜਾਵੇਂ
ਝੂਠੀਆ ਵੇ ਤੂੰ ਝੂਠ ਘੁੰਮਾਵੇਂ

ਕਿਉਂ ਤੱਤੜੀ ਨੂੰ ਹੋਰ ਤੜਪਾਵੇਂ
ਕਹਿੰਦਾ ਸੀ ਉਹ ਮੈਂ ਆਵਾਂਗਾ ਛੇਤੀ,
ਝੂਠਾ ਲਾਰਾ ਲਾ ਗਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ...

ਦਰਦਾਂ ਵਾਲੇ ਦਰਦ ਵੰਡਾਉਣ
ਸ਼ੌਂਕਾਂ ਵਾਲੇ ਸ਼ੌਂਕ ਪਛਾਨਣ
ਬੇਪਰਵਾਹ ਕੀ ਪਿਆਰ ਨੂੰ ਜਾਨਣ
ਪਾ ਕੇ ਗੁੜਾ ਪਿਆਰ "ਉਦਾਸੀ"
ਐਵੇਂ ਝੋਰਾ ਲਾ ਲਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ............



ਹੁਣ ਤੁਹਾਡੀ ਯਾਦ ਵਿੱਚ


ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਮੈਂ ਨਹੀਂ ਪਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਿਜ਼ਾਜ,
ਪੈਰ ਦੀ ਝਾਂਜਰ ਚ’ ਜਿਸ ਦੇ ਵੀਰ ਦੇ ਸਿਰ ਦਾ ਵਿਆਜ..
ਸੱਗੀਆਂ ਦੀ ਠੂਠੀ ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਟਿੱਬਿਆਂ ਤੇ ਪਹਿਲਾਂ ਬੜ੍ਹੀ ਹੀ ਅੱਥਰੂਆਂ ਦੀ ਹੈ ਸਲ੍ਹਾਬ,
ਹੁਣ ਤਾਂ ਊਣੇ ਵੀ ਰਹੇ ਨਾਂ ਮੇਰੇ ਸਤਲੁਜ ਤੇ ਚਨਾਬ..
ਢਲ ਰਹੇ ਪਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ,
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ..
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..|




ਇੱਕ ਸ਼ਰਧਾਂਜਲੀ - ਇੱਕ ਲਲਕਾਰ


ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਐਂ..
ਥੋਡੀ ਯਾਦ ਵਿੱਚ ਬੈਠ ਕੇ ਦੋ-ਘੜੀਆਂ,
ਇੱਕ-ਦੋ ਪਿਆਰ ਦੇ ਹੰਝੂ ਬਹਾਉਣ ਲੱਗਿਐਂ..||

ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ..
ਸੌਂਹ ਖਾਂਦੇ ਹਾਂ ਅਸੀਂ ਜਵਾਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ..||

ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋਂ,
ਬਲ੍ਹਦੀ ਚਿਖਾ ਹੁਣ ਠੰਡੀ ਨੀਂ ਹੋਣ ਦੇਣੀਂ..
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀਂ ਹੋਣ ਦੇਣੀਂ..||

ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਸਿਰੀਂ ਜ਼ੁਲਮ ਦੀ ਝੰਡੀ ਨੀਂ ਹੋਣ ਦੇਣੀਂ,
ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ,
ਹੁਣ ਇਹ ਲੋਕਾਂ ਦੀ ਮੰਡੀ ਨੀਂ ਹੋਣ ਦੇਣੀਂ..||



ਮਾਵਾਂ ਠੰਡੀਆਂ ਛਾਵਾਂ.. ( Maanvaan Thandiyan Shawaan )

ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ
ਮਾਵਾਂ ਠੰਡੀਆਂ ਛਾਵਾਂ, ਮੌਜ ਭਰਾਵਾਂ ਨਾਲ

ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬਲ ਦੇ
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ

ਬਾਬਲ ਤੇਰੇ ਖਤ, ਬਹਾਰਾਂ ਆਵਣ ਵੇ
ਕੁੜੀਆਂ ਚਿੜੀਆਂ, ਡਾਰਾਂ, ਉੱਡ-ਉੱਡ ਜਾਵਣ ਵੇ

ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ
ਅੜੀਓਂ ਝੱਟ ਪਛਾਤਾ ਘੋੜਾ ਵੀਰੇ ਦਾ

ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ

ਖੱਬਰੇ ਅੱਜ ਕਿ ਕੱਲ, ਤੈਂ ਅਸੀਂ ਵਿਆਹੁਣੀਆਂ
ਝਿੜਕੀਂ ਨਾ ਵੇ ਵੀਰਾ ਅਸੀਂ ਪਰਾਹੁਣੀਆਂ

ਯਾਦ ਤੇਰੀ ਵਿਚ ਵੀਰਾ, ਕਾਗ ਉਡਾਵਾਂ ਵੇਂ,
ਤੂੰ ਲੈ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ..........





ਚਿੱਤ ਨਾ ਡੁਲਾਈਂ ਬਾਬਲਾ... ( Chit Na Dulayin Baabla )

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ.......

ਲੋਕੀਂ ਕਹਿੰਦੇ ਪੁੱਤਾਂ ਬਿਨਾਂ ਜੱਗ 'ਚ ਮਿਲਾਪ ਨੀਂ
ਮੈਂ ਤਾਂ ਕਹਾਂ ਜੀਹਦੇ ਧੀ ਨਾ, ਉਹ ਤਾਂ ਸਹੀ ਬਾਪ ਨੀਂ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ......

ਅੱਗੇ ਸਾਕ ਲੈਂਦੇ ਨੀਂ ਸੀ, ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ, ਜੀਹਦੇ ਕੋਈ ਵੀਰ ਨਾ
ਪੁੱਤਾਂ ਵਾਲੇ ਧੱਕੇ ਖਾਂਦੇ ਦੇਖੇ ਡੇਰੇ
ਚਿੱਤ ਨਾ ਡੁਲਾਈਂ ਬਾਬਲਾ......

ਏਥੇ ਕੋਈ ਮੋਹ ਨੀ ਹੈਗਾ ਪੁੱਤ ਜਾਂ ਜਵਾਈ ਦਾ
ਏਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ
ਤਾਹੀਉਂ ਮੁੰਡੀਆਂ ਦੀ ਮੜਕ ਵਧੇਰੇ
ਚਿੱਤ ਨਾ ਡੁਲਾਈਂ ਬਾਬਲਾ......

ਤੇਰਾ ਦਹਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹਿਦੈ
ਜਾਣਦੀ ਹਾਂ ਮੈਨੂੰ ਵੀ ਬੇਲਾਗ ਰਹਿਣਾ ਚਾਹਿਦੈ
ਕੋਈ ਖੰਘ ਨਾ ਲੰਘੂਗਾ ਬਾਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ......

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ...






ਹੋਕਾ...


ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ.....੨
ਸਾਡੇ ਪਿੰਡਾਂ 'ਚ ਤਾ ਸਾਉਣ 'ਚ ਸੋਕਾ, ਸੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ.. ਹਾਏ
ਦੇਈਂ ਨਾ ਵੀਰਾ ਵਣਜਾਰੀਆ.....

ਦੇਹਲੀਆਂ 'ਚ ਬੈਠੀ ਮੇਰੇ ਵੀਰੇ ਦੀ ਮਕਾਣ ਵੇ
ਆਈਆਂ ਕੁੜਮਤਾਂ ਮੇਰੀ ਭਾਬੋ ਨੂੰ ਵਰਾਣ ਵੇ
ਹੋ ਦੇਹਲੀਆਂ 'ਚ ਬੈਠੀ ਮੇਰੇ ਵੀਰੇ ਦੀ ਮਕਾਣ ਵੇ
ਆਈਆਂ ਕੁੜਮਤਾਂ ਮੇਰੀ ਭਾਬੀ ਨੂੰ ਵਰਾਣ ਵੇ
ਜਿਹਦੇ ਚਾਅਵਾਂ ਦਾ ਵੇ .. ਹਾਏ
ਜਿਹਦੇ ਚਾਅਵਾਂ ਦਾ ਵੇ, ਹੋ ਗਿਆ ਏ ਟੋਕਾ
ਟੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......

ਹੋ ਤੀਆਂ ਦਾ ਤਿਉਹਾਰ ਭਾਈਆਂ ਸਿਰ ਤੇ ਮਨਾਈਦਾ,
ਐਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈਦਾ
ਤੀਆਂ ਦਾ ਤਿਉਹਾਰ ਭਾਈਆਂ ਸਿਰ ਤੇ ਮਨਾਈਦਾ,
ਐਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈਦਾ
ਤੂੰ ਕੀ ਜਾਣਦਾ ਏਂ ....ਵੇ.....
ਤੂੰ ਕੀ ਜਾਣਦਾ ਏਂ ਭੱਲਿਆ ਵੇ ਲੋਕਾ
ਲੋਕਾ ਵੇ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......

ਰਾਠਾ ਦਿਨੋ ਰੋਜ਼ ਰੱਤਾ ਚੁੜਾ ਛਣਕਾ ਕੇ ਵੇ
ਜਾਣ ਜਾਣ ਲੰਘੇ, ਸਾਡੀ ਬੀਹੀ ਨੂੰ ਚੜਾ ਕੇ ਵੇ
ਰਾਠਾ ਦਿਨੋ ਰੋਜ਼ ਰੱਤਾ ਚੁੜਾ ਛਣਕਾ ਕੇ ਵੇ
ਜਾਣ ਜਾਣ ਲੰਘੇ, ਸਾਡੀ ਬੀਹੀ ਨੂੰ ਚੜਾ ਕੇ ਵੇ
ਲੱਥੇ ਓਹਦਾ ਵੀ ....ਵੇ....
ਲੱਥੇ ਓਹਦਾ ਵੀ ਸੁਹਾਗ ਦਾ ਵੇ ਕੋਕਾ
ਕੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......

ਫੇਰ ਸਾਡੇ ਪਿੰਡਾਂ ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੁੜੀਆਂ ਨੇ ਨਾਲ ਜਦੋਂ, ਚਾਕੂ ਵੀ ਲਿਆਏਂਗਾ
ਫੇਰ ਸਾਡੇ ਪਿੰਡਾਂ ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੁੜੀਆਂ ਨੇ ਨਾਲ ਜਦੋਂ, ਚਾਕੂ ਵੀ ਲਿਆਏਂਗਾ
ਅਸੀਂ ਪਾੜਨਾ ਏ ਵੇ.........
ਅਸੀਂ ਪਾੜਨਾ ਏ ਕਾਨੂੰਨ ਦਾ ਵੇ ਖੋਖਾ
ਖੋਖਾ ਵੇ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ...

ਸਾਡੇ ਪਿੰਡਾਂ 'ਚ ਤਾ ਸਾਉਣ 'ਚ ਸੋਕਾ, ਸੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ.. ਹਾਏ
ਦੇਈਂ ਨਾ ਵੀਰਾ ਵਣਜਾਰੀਆ.....





ਹਨ੍ਹੇਰੀਆਂ ਦੇ ਨਾਮ


ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||






ਪੱਕਾ ਘਰ ਟੋਲੀਂ ਬਾਬਲਾ....

ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਊ ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ

ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ਤਾਲੂਏ ਨਾ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ
ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ ਵੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ

ਸਾਰਾ ਕੁਝ ਜਾਣਦੀ ਹਾਂ, ਮੈਂ ਨੀ ਬਾਪੂ ਭੋਲੀ ਵੇ
ਸਾਥੋਂ ਵੀ ਤਾਂ ਇਕ ਪੱਕੀ ਹੋਈ ਨਾ ਕੰਧੋਲੀ ਵੇ
ਕਿੰਨੇ ਵਰਿਆਂ ਤੋਂ ਭੱਠੇ 'ਤੇ ਪਥੇਰੇ,
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ

ਸੱਚੀ ਗੱਲ ਵਿਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ
ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ
ਤੇਰੀ ਪੱਗ ਵਾਂਗ ਰੱਖਾਂ ਸੁਚੇ ਵਿਹੜੇ,
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ

ਪੱਕਾ ਉਹ ਜੋ ਹੋਣ ਦੇਵੇ ਕੱਚਿਆਂ ਦੀ ਹਾਨੀ ਨਾ
ਕੱਚਿਆਂ 'ਚ ਪਲ ਰਹੀ ਜੂਨ ਵੀ ਬਿਗਾਨੀ ਨਾ
ਪੁੱਛੇ-ਦੱਸੇ ਮਿਲ ਜਾਣਗੇ ਬਥੇਰੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ




ਅੰਮੜੀ ਨੂੰ ਤਰਲਾ....( Ammri Nu Tarla)

ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ

ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ
ਜਾਂਦਾ ਅਠਰਾਹੇ ਵਾਂਗੂ ਲਗ ਨੀ
ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ

ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ, ਜਿੱਥੇ
ਅਕਲਾਂ ਨੂੰ ਪੈ ਗਿਆ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ
ਖਿੜ ਕੇ ਵੀ ਰੋਂਦਿਆ ਰਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ

ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ
"ਕੋਈ ਸਾਡੀ ਚਾਨਣੀ ਲਵੇ"
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ

ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ
ਮੱਥੇ ਉਤੋਂ ਡਾਂਗਾਂ ਦਾ ਲਹੂ
ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ
ਮੁੜੀ ਮੇਰੇ ਵੀਰ ਦੀ ਬਹੂ
ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ
ਕਿਹੜਾ ਭੋਲੇ ਬਾਪੂ ਨੂੰ ਕਵੇ
ਅੰਮੜੀ ਨੂੰ ਤਰਲਾ

ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ

ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ
ਜਾਂਦਾ ਅਠਰਾਹੇ ਵਾਂਗੂ ਲਗ ਨੀ
ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ

ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ, ਜਿੱਥੇ
ਅਕਲਾਂ ਨੂੰ ਪੈ ਗਿਆ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ
ਖਿੜ ਕੇ ਵੀ ਰੋਂਦਿਆ ਰਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ

ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ
"ਕੋਈ ਸਾਡੀ ਚਾਨਣੀ ਲਵੇ"
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ......



ਕਲੀ
(ਪੂਰਨ ਦਾ ਜੋਗੀ ਬਣਕੇ ਬਾਗ਼ ਵਿੱਚ ਆਉਣਾ)

ਭੱਜੀਆਂ ਭੱਜੀਆਂ ਆਈਆਂ , ਖੇਡਦੀਆਂ ਦੋ ਬਲੜੀਆਂ
ਮਿਲੀਆਂ ਇੱਛਰਾਂ ਨੂੰ ਜਾ , ਇੱਕ ਦੂਜੀ ਤੋਂ ਮੂਹਰੇ
ਕਲੀਆਂ ਕੱਢ ਆਇਆ ਹੈ ਬਾਗ਼ ਚਿਰਾਂ ਦਾ ਉਜੜਿਆ
ਨਾਲ਼੍ਏ ਸੁੱਕਦੇ ਜਾਂਦੇ ਉਸ ’ਚੋਂ ਅੱਕ ਤੇ ਧਤੂਰੇ
ਸਾਨੂੰ ਲੱਗਦੀ ਬੂਟੀ ਉੱਗ ਪਈ ਤੇਰੀਆਂ ਅੱਖਾਂ ਦੀ
ਸਾਨੂੰ ਲੱਗਦੈ ਤੇਰੇ ਮੁੱਕਣੇ ਕੁਲ ਬਸੂਰੇ
ਕੱਠੇ ਫ਼ਿਰਨ ਚਹਿਕਦੇ ਬਾਜ਼ ਤੇ ਚਿੜੀਆਂ ਡਾਹਣਾਂ ਤੇ
ਲੱਗਦੈ ਹੁਣ ਨਾ ਚੰਦਰਾਂ ਕਾਂ ਚਿੜੀਆਂ ਨੂੰ ਘੂਰੇ
ਜਦ ਤੋਂ ਜੋਗੀ ਦੇ ਤਾਂ ਦਰਸ਼ਨ ਕਰ ਲੇ ਮਾਲੀ ਨੇ
ਉਹ ਵੀ ਬਾਲਾਂ ਨੂੰ ਨਾ ਹੁਣ ਕੱਸਦਾ ਪਿਆ ਹੂਰੇ
ਉਹ ਤਾਮ ਲੱਗਦੈ ਕੋਈ ਆਸ਼ਕ ਜਿਵੇਂ ਬਹਾਰਾਂ ਦਾ
ਦੁੱਖੜਾ ਮਮਤਾ ਦਾ ਤੂੰ ਦੱਸਦੀਂ ਓਹਦੇ ਮੂਹਰੇ
ਓਹ ਤਾਂ ਆਇਆ ਕੋਈ ਚੱਲਕੇ ਵੱਡਾ ਔਲੀਆ
ਜਾਂ ਕੋਈ ਸਾਧ ਹੋਣੇ ਨੇ , ਓਹ ਬਚਨਾਂ ਦੇ ਪੂਰੇ



ਅਜੇ... ( Aje )

ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜਾ ਏ

ਅਜੇ ਮੁੱਸਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ,
ਅਜੇ ਮਿਸਤਰੀ ਤੋੜ ਨਾ ਸਕਿਆ, ਇਹ ਮਜਹਬੀ ਜ਼ੰਜ਼ੀਰਾਂ ਨੂੰ
ਅਜੇ ਇਸ਼ਕ ਦਾ ਕਾਸਾ ਖਾਲੀ, ਖੈਰ ਹੁਸਨ ਨੇ ਪਾਈਆ ਨਾ
ਮਾਨਵਤਾ ਦੇ ਬੂਹੇ 'ਤੇ ਕੋਈ ਰਾਂਝਾ ਮੰਗਣ ਆਈਆ ਨਾ

ਹਰ ਦਿਲ ਦੇ ਵਿਚ ਸ਼ਿਕਵੇ, ਝੋਰੇ, ਹਰ ਦਿਲ ਦੇ ਵਿਚ ਸਾੜਾ ਏ
ਅਜੇ ਬਹਾਰਾਂ ਨਹੀਂ ਚਹਿਕੀਆਂ, ਅਜੇ ਹਨੇਰਾ ਗਾੜਾ ਏ

ਅਜੇ ਕਿਰਤ ਦੀ ਚੁੰਜ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ
ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ
ਅਜੇ ਮਨੁੱਖ ਦੀ ਕਾਇਆ ਉੱਤੇ, ਸਾਈਆ ਹੈ ਜਾਗੀਰਾਂ ਦਾ
ਅਜੇ ਮਨੁੱਖ ਨਾ ਮਾਲਿਕ ਬਣਿਆ, ਆਪਣੀਆਂ ਤਕਦੀਰਾਂ ਦਾ

ਅਜੇ ਕਿਸੇ ਬੇਵੱਸ ਜਿਸਮ ਦਾ, ਮਿਲਦਾ ਏਥੇ ਭਾੜਾ ਏ
ਅਜੇ ਨਾ ਸੁੱਤੀ ਜਨਤਾ ਜਾਗੀ, ਅਜੇ ਹਨੇਰਾ ਗਾੜਾ ਏ

ਅਜੇ ਤਾਂ ਏਥੇ ਲੋਕਾਂ ਦੇ, ਅਰਮਾਨ ਵੀ ਵੇਚੇ ਜਾਂਦੇ ਨੇ
ਅਜੇ ਤਾਂ ਪੈਸੇ ਪੈਸੇ ਤੋਂ, ਈਮਾਨ ਵੀ ਵੇਚੇ ਜਾਂਦੇ ਨੇ

ਅਜੇ ਹੈ ਪਰਬਤ ਓਡਾ-ਕੋਡਾ, ਅਜੇ ਤਾਂ ਤੇਜ਼ ਕੁਹਾੜਾ ਏ
ਅਜੇ ਨਾ ਸ਼ੀਰੀ, ਹੱਥ ਵਟਾਇਆ, ਅਜੇ ਹਨੇਰਾ ਗਾੜਾ ਏ

ਅਜੇ ਤਾਂ ਹਿੰਸਾ ਖੁੱਲੀ ਚਰਦੀ, ਅਮਨ ਅਮਨ ਦੇ ਨਾਅਰੇ ਥੱਲੇ
ਅਜੇ ਹੈ ਦੁਨੀਆ ਨਰਕ ਭੋਗਦੀ, ਜੱਨਤ ਦੇ ਇਕ ਲਾਰੇ ਥੱਲੇ

ਅਜੇ ਨਾ ਕਾਲੇ ਬੱਦਲਾਂ ਵਿਚੋਂ, ਚਮਕੀ ਕੋਈ ਕਿਰਨ ਸੁਨਹਿਰੀ
ਭਾਵੇਂ ਮੰਤਰ ਯਾਦ ਅਸਾਡੇ, ਅਜੇ ਕੀਲਣੀ ਸੱਪਣੀ ਜ਼ਹਿਰੀ

ਅਜੇ ਅਸੀਂ ਹੈ ਰੱਬ ਨੂੰ ਦੱਸਣਾ, ਉਹ ਜਨਤਾ ਤੋਂ ਮਾੜਾ ਏ
ਅਜੇ ਨਾ "ਹੂਟਰ" ਵੱਜਿਆ ਸਾਥਿਓ, ਅਜੇ ਹਨੇਰਾ ਗਾੜਾ ਏ..........





ਕੈਦੀ ਦੀ ਪਤਨੀ ਦਾ ਗੀਤ

ਮਾਏ ! ਮੇਰੇ ਚੰਨ ਦੀਏ ਮਾਏ ਨੀ
ਭਰੇ ਨੇ ਚੰਗੇਰ ਸਾਡੀ ਲਾਲ ਸੂਹੇ ਕੇਸਰਾਂ ਦੇ
ਉਹਦੇ ਵੱਲੋਂ ਪੋਣ ਜਦੋਂ ਆਏ ਨੀ

ਹਵਲਾਤ ਵਿੱਚ ਆਈਆਂ, ਰੋਟੀਆਂ ਦੇ ਨਾਲ ਜਦੋਂ
ਮਘਦਾ ਅੰਗਾਰ ਕੋਈ ਆਏ ਨੀ
ਨਾਲ ਅੰਗਿਆਰੇ ਉਹ ਤਾਂ "ਕਾਲੀਆਂ ਕੰਧਾਂ" ਉੱਤੇ
"ਸੂਰਜਾਂ" ਦੀ ਅੱਗ ਨੂੰ ਜਗਾਏ ਨੀ
ਮਾਏ ! ਮੇਰੇ ਚੰਨ ਦੀਏ ਮਾਏ ਨੀ

ਲਹੂ ’ਚ ਗੜੁਛ ਹੋਕੇ, ਪਿੰਡ ਦਿਆਂ ਰਾਜਿਆਂ ਤੋਂ
ਜਿਹੜੇ ਅਸੀਂ ਟੁੱਕੜ ਬਚਾਏ ਨੀ
ਲੱਗ ਜੇ ਮੁਆਤਾ ਇਹਨਾਂ ਕੁੱਤਿਆਂ ਮੁਕੱਦਮਾਂ ਨੂੰ
ਓਹ ਵੀ ਅੱਜ ਹੋਏ ਨੇ ਪਰਾਏ ਨੀ
ਮਾਏ ! ਮੇਰੇ ਚੰਨ ਦੀਏ ਮਾਏ ਨੀ

ਅੱਖੀਆਂ ਨੂੰ ਲੱਗਦਾ ਏ ਨੀਂਦ ਦਾ ਵਿਯੋਗ
ਭੁੱਖਾ ਬਾਲ ਜਦੋਂ ਢਿੱਡ ਖੜਕਾਏ ਨੀ
ਜਿੰਦਗੀ ਦੇ ਗੀਤ ਤਾਈਂ ਸਮਝ ਕੇ ਬਾਗ਼ੀ
ਕੋਈ ਪੈਸਿਆਂ ਦਾ ਪੁੱਤ ਹੱਸੀ ਜਾਏ ਨੀ
ਮਾਏ ! ਮੇਰੇ ਚੰਨ ਦੀਏ ਮਾਏ ਨੀ

ਹੋਇਆ ਕੀ ਜੇ ਕਿਸੇ ਬੇੜੀ ਕੱਚ ਦੀ ’ਚ ਬੈਠ
ਸਾਡੇ ਲਹੂ ਨਾਲ ਛੱਪੜ ਭਰਾਏ ਨੀ
ਅਸੀਂ ਵੀ ਕਿਨਾਰੇ ਜ਼ੇਰਾ ਸਾਡਾ ਵੀ ਚੱਟਾਨ
ਸਾਡੇ ਕੋਲੋਂ ਕੱਚ ਕਿਵੇਂ ਬਚ ਜਾਏ ਨੀ
ਮਾਏ ! ਮੇਰੇ ਚੰਨ ਦੀਏ ਮਾਏ ਨੀ




ਮੈਂ ਹਾਂ ਪੰਜਾਬ ਬੋਲਦਾ

ਮੈਂ ਹਾਂ ਪੰਜਾਬ ਬੋਲਦਾ, ਸੁੱਚੀਆਂ ਦਾੜੀਆਂ ਦੇ ਨਾਂ ਤੇ
ਪੀਡੀਆਂ ਗੁੱਤਾਂ ਦੇ ਨਾਂ , ਮੈਂ ਹਾਂ ਪੰਜਾਬ ਬੋਲਦਾ
ਆਪਣੇ ਧੀਆਂ ਪੁੱਤਾਂ ਦੇ ਨਾਂ , ਮੈਂ ਹਾਂ ਪੰਜਾਬ ਬੋਲਦਾ

ਮਾਂ ਦੀਆਂ ਦੋ ਵਗਦੀਆਂ , ਮੇਰੇ ਪੰਜ-ਧਾਰਾ ਵਗੇ
ਏਨੇ ਦੁੱਧਾਂ ਦੇ ਹੁੰਦਿਆ, ਕਿਓਂ ਵਿਲਕਦੀ ਮਮਤਾ ਲੱਗੇ?
ਕਾਂਜੀ ਦੇ ਬੱਦਲਾਂ ਦੇ ਨਾਂ ’ਤੇ ਬਦਲਦੀਆਂ ਰੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ............

ਵਾਰਿਸ, ਮੋਹਨ, ਕਾਦਰ, ਧਨੀ, ਸਤਲੁਜ ਝਨਾਂ ਨੂੰ ਮੇਲਦੇ
ਖੇਡ ਦੇ ਗੀਟੇ ਰਹੇ, ਕਿਓਂ ਨਾ ਸਿਰੀਆਂ ਖੇਲਦੇ?
ਗੁੰਦਵਿਆਂ ਜਿਸਮਾਂ ਦੇ ਨਾਂ ’ਤੇ ਫੁੱਟਦੀਆਂ ਮੁੱਛਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ.............

ਮੇਰੇ ਕਪੁੱਤਰੋ ਸੌਂ ਜਿਓ, ਹੁਣ ਨਾਲ ਮੌਜ ਦੇ
ਪਹਿਰੇ ਖੜੂੰਗਾ ਮੈਂ ਭਾਵੇਂ ਹਵਾਲੇ ਹਾਂ ਫ਼ੌਜ ਦੇ
ਹੰਭੀਆਂ ਅਦਲਤਾਂ ਦੇ ਨਾਂ, ਨਾਰਦ ਦੀਆਂ ਘਤਿੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ..............

ਬਹਿ ਕੇ ਪਰ੍ਹੇ ਵਿੱਚ ਸੁਣ ਲਵੋ ਵੱਡਿਓ ਨਵਾਬੀਓ
ਤਲ਼ੀਆਂ ’ਤੇ ਸਿਰ ਕਿੱਦਾਂ ਟਿਕੇ, ਦੱਸਿਓ ਪੰਜਬੀਓ
ਹੀਰ ਦੀ ਚੂਰੀ ਦੇ ਨਾਂ, ਕੈਦੋਂ ਦੀ ਲੂਤੀ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ...............