ਚੁਰਾਸੀ ਦਾ ਪੰਜਾਬ ***

ਅੱਜ ਰੋਂਦੀ ਅੱਖ ਪੰਜਾਬ ਦੀ
ਅੱਜ ਰੱਤ ਭਰੇ ਦਰਿਆ
ਅੱਜ ਮਾਂਵਾਂ ਪਾਵਣ ਕੀਰਨੇ
ਅੱਜ ਬਾਪੂ ਮਾਰੇ ਧਾ
ਅੱਜ ਅੱਖਾਂ ਦੇ ਵਿੱਚ ਅੱਥਰੂ
ਅੱਜ ਬਲ੍ਹਦਾ ਦਿਸੇ ਸਿਵਾ
ਅੱਜ ਧੱਬੇ ਲੱਗੇ ਪੱਗ ਤੇ
ਅੱਜ ਦਿਨੇ ਹਨ੍ਹੇਰ ਪਿਆ
ਅੱਜ ਚੂੜੇ ਭੰਨਣ ਸੁਹਾਗੱਣਾਂ
ਅੱਜ ਬਾਲ ਰਹੇ ਕੁਰਲਾੱ
ਅੱਜ ਕੰਨੀ ਪੈਂਦੀਆਂ ਚਾਂਗਰਾਂ
ਅੱਜ ਕੰਬਦਾ ਹੈ ਹਿਰਦਾ
ਅੱਜ ਪਿੰਡਾਂ ਵਿੱਚ ਉਜਾੜ ਹੈ
ਅੱਜ ਖਾਲੀ ਦਿਸਦੇ ਰਾਹ
ਅੱਜ ਪੰਛੀਆਂ ਪਾਏ ਆਲਣੇ
ਅੱਜ ਘਰਾਂ ਚ ਨਾ ਦੀਵਾ
ਅੱਜ ਕੋਠੇ ਕਾਂ ਨਾ ਬੋਲਦੇ
ਅੱਜ ਸੁੰਨਾ ਹੈ ਵੇਹੜਾ
ਅੱਜ ਸੱਥਾਂ ਵਿੱਚ ਨਾ ਰੌਂਣਕਾਂ
ਅੱਜ ਤ੍ਰਿੰਝਣ ਲਾ ਪਤਾ
ਅੱਜ ਗਭਰੂ ਭੱਲੇ ਭੰਗੜੇ
ਅੱਜ ਗਿੱਧਾ ਵਿਸਰ ਗਿਆ
ਅੱਜ ਦੁੱਖ ਹੋਏ ਹਰਿਆਵਲੇ
ਅੱਜ ਸੁੱਖ ਗਏ ਕੁਮਲਾੱ
ਅੱਜ ਧੀਆਂ ਘਰੀਂ ਕੰਵਾਰੀਆਂ
ਅੱਜ ਗਭਰੂ ਨਜ਼ਰ ਨਾ ਆ
ਅੱਜ ਦਾਦਾ ਦਾਦੀ ਤੜਫਦੇ
ਅੱਜ ਮਾਂ ਪਿਓ ਫਿਕਰ ਪਿਆ
ਅੱਜ ਸਾਹ ਨਾ ਆਵੇ ਸੁੱਖ ਦਾ
ਅੱਜ ਜ਼ੈਹਰ ਹੈ ਵਿੱਚ ਹਵਾ
ਅੱਜ ਅੱਖਾਂ ਵਿੱਚ ਨਾ ਸੁਪਨੇ
ਅੱਜ ਸੀਨੇ ਵਿੱਚ ਨਾ ਚਾਅ
ਅੱਜ ਛਾਂਵਾਂ ਵਿੱਚ ਨਾ ਠੰਡਕਾਂ
ਅੱਜ ਧੁੱਪਾਂ ਵਿੱਚ ਨਾ ਤਾਅ
ਅੱਜ ਫੁੱਲ ਕੰਵਲ ਦੇ ਰੁਲਦੇ
ਅੱਜ ਹੀਰੇ ਕਉਡਾਂ ਦੇ ਭਾਅ