ਬਣੇ ਜਦ ਖਾਬ ਅੰਬਰ ਦਾ,ਹਵਾਵਾਂ ਦੀ ਵਫਾ ਵੇਖੀ ।
ਅਸੀਂ ਪਰਵਾਜ਼ ਤੋਂ ਪਹਿਲਾਂ,ਪਰਿੰਦੇ ਦੀ ਅਦਾ ਵੇਖੀ ।
ਜਦੋਂ ਬੱਦਲ ਨਹੀਂ ਵ੍ਹਰਦੇ, ਜਦੋਂ ਦਰਿਆ ਨਹੀਂ ਵਗਦੇ,
ਖੜੀ ਪੱਤਣ ‘ਤੇ ਬੇੜੀ ਨੂੰ, ਉਦੋਂ ਮਿਲਦੀ ਸਜ਼ਾ ਵੇਖੀ ।
ਕਦੇ ਇਤਫ਼ਾਕ ਦੋਹਾਂ ਨੂੰ, ਮਿਲਣ ਦਾ ਹੀ ਨਹੀਂ ਹੋਇਆ,
ਨਾਂ ਮੇਰੇ ਘਰ ਖੁਦਾ ਆਇਆ, ਨਾ ਮੈਂ ਉਸਦੀ ਜਗ੍ਹਾ ਵੇਖੀ।
ਖ਼ਾਮੋਸ਼ੀ ‘ਤੇ ਉਦਾਸੀ ਹੀ, ਬਣੀ ਸ਼ਬਦਾਂ ਦੀ ਅੰਗੜਾਈ,
ਜਦੋਂ ਮੈਂ ਖੋਹਲ ਕੇ ਖਿੜਕੀ, ਜ਼ਰਾ ਕਾਲੀ ਘਟਾ ਵੇਖੀ ।
ਨਂਜ਼ਰ ਫੁੱਲਾਂ ‘ਤੇ ਨਾ ਅਟਕੀ, ਨਾ ਖ਼ੁਸ਼ਬੋ ਦਾ ਅਸਰ ਹੋਇਆ,
ਜਦੋਂ ਮੈਂ ਠੋਕਰਾਂ ਖਾਂਦੀ, ਬਗੀਚੇ ਦੀ ਹਵਾ ਵੇਖੀ ।
ਕਦੇ ਪਿਸਦੀ ਹੈ ਜੋ “ਸ਼ੇਖਰ”,ਕਦੇ ਤਲੀਆਂ ਸਜਾਉਂਦੀ ਹੈ,
ਬੜੇ ਰੰਗਾ ਵਿੱਚੋਂ ਗੁਜ਼ਰੀ,ਉਮਰ ਵਾਂਗੂੰ ਹਿਨਾ ਵੇਖੀ ।