ਸ਼ਹਿਰ ਜੋ ਉਸਦਾ ਸੀ, ਮੇਰਾ ਕਿਓਂ ਨਹੀਂ ਹੋਇਆ
ਸ਼ਾਮ ਢਲੀ,ਰਾਤ ਗਈ, ਸਵੇਰਾ ਕਿਓਂ ਨਹੀਂ ਹੋਇਆ
ਤੁਰਦੇ ਰਹੇ ਬੇਵਜ੍ਹਾ, ਸਮੇਂ ਦੇ ਐਵੇਂ ਨਾਲ ਨਾਲ
ਇਹਨੂੰ ਬਦਲਦੇ ਥੋੜਾ, ਜੇਰਾ ਕਿਓਂ ਨਹੀਂ ਹੋਇਆ
ਵਿਹੜੇ ਦੇ ਰੁੱਖ ਦੀਆਂ ਫਿਰ ਉਦਾਸ ਟਹਿਣੀਆਂ
ਇਹਨਾਂ ਤੇ ਪੰਛੀਆਂ ਦਾ, ਬਸੇਰਾ ਕਿਓਂ ਨਹੀਂ ਹੋਇਆ
ਤਲੀਆਂ ਤੇ ਟਿਕਾਈ ਫਿਰਦੇ ਹਾਂ, ਕੁਝ ਬਾਲ ਕੇ ਦੀਵੇ
ਨਸੀਬਾਂ ਵਿਚ ਇਹਨਾਂ ਦੇ, ਬਨੇਰਾ ਕਿਓਂ ਨਹੀ ਹੋਇਆ
ਇਹ ਜੋ ਭੁੱਲੀ ਭਟਕੀ ਫਿਰਦੀ, ਜਵਾਨੀ ਸੜਕਾਂ ਤੇ
ਕਿਤੇ ਸੇਧਾਂ ਜੋ ਦੇ ਦਿੰਦਾ, ਵਡੇਰਾ ਕਿਓਂ ਨਹੀਂ ਹੋਇਆ
ਕਿੰਨੀ ਦੇਰ ਤੋਂ ਕਿਰਤੀ ਨੇ ਥੱਕੇ, ਮਿਹਨਤਾਂ ਕਰਦੇ
ਪੱਲੇ ਰਿਜ਼ਕ ਉਹਨਾਂ ਦੇ ,ਬਥੇਰਾ ਕਿਓਂ ਨਹੀਂ ਹੋਇਆ