ਲੋਕਾਂ ਦੇ ਦਿਲਾਂ ਉੱਪਰ ਛਾਈ
ਮੈਂ ਜ਼ੁਲਮ ਦੀ ਦਹਿਸ਼ਤ ਵੇਖੀ ਏ
ਮੈਂ ਮੁਰਝਾਏ ਫੁੱਲਾਂ ਵਾਂਗੂੰ
ਮਜ਼ਲੂੰਮ ਦੀ ਹਾਲਤ ਵੇਖੀ ਏ
ਦੋ ਟੁਕੜੇ ਅੰਨ ਹੀ ਮਿਲੇ ਆਖਿਰ
ਮਜ਼ਦੂਰ ਨੂੰ ਮੇਹਨਤ ਮਜ਼ਦੂਰੀ
ਮੈਂ ਖੂਨ ਚੂਸਦੀ ਨਿਰਧਨ ਦਾ
ਧੰਨਵਾਨ ਦੀ ਤਾਕਤ ਵੇਖੀ ਏ
ਧਰਤੀ ਦੇ ਕੋਨੇ ਕੋਨੇ ਵਿੱਚ
ਸੂਲੀ ਨਿੱਤ ਚੜ੍ਹਦੇ ਨਿਰਦੋਸ਼ੇ
ਮੈਂ ਸੱਚੇ ਲੋਕਾਂ ਤੇ ਲਗਦੀ
ਝੂਠੀ ਹੀ ਤੋਹਮਤ ਵੇਖੀ ਏ
ਜਦ ਜੇਠ ਹਾੜ ਦੀਆਂ ਧੁੱਪਾਂ ਨੂੰ
ਦੌਲਤਮੰਦ ਛਾਂਵਾਂ ਮਾਣਦੇ ਨੇ
ਤਦ ਭਿੱਜੀ ਵਿੱਚ ਪਸੀਨੇ ਦੇ
ਮਜ਼ਦੂਰ ਦੀ ਮੇਹਨਤ ਵੇਖੀ ਏ
ਇੰਸਾਫ ਦੀ ਕੁਰਸੀ ਪਰ ਬੈਠਾ
ਸ਼ੈਤਾਨ ਕਰੇ ਸਾਉਦੇ ਬਾਜ਼ੀ
ਮੈਂ ਸੁਪਨੇ ਵਿਕਦੇ ਵੇਖੇ ਨੇ
ਖੁਸ਼ੀਆਂ ਦੀ ਕੀਂਮਤ ਵੇਖੀ ਏ
ਜਦ ਜਕੜੀ ਜਾਵੇ ਮਾਸੂਮੀਂ
ਹਾਲਾਤ ਦੀਆਂ ਜੰਜ਼ੀਰਾਂ ਵਿੱਚ
ਫਿਰ ਵੇਸ਼ਵਾ ਬਣਕੇ ਮਜਬੂਰਨ
ਮੈਂ ਨੱਚਦੀ ਗੈਰਤ ਵੇਖੀ ਏ
ਪੈਹਿਰੇ ਵਿੱਚ ਪੈਹਿਰੇਦਾਰਾਂ ਦੇ
ਸੱਥਾਂ ਵਿੱਚ ਮਮਤਾ ਕਤਲੀ ਗਈ
ਵਿਰਲਾਪ ਸੁਣੇ ਨੇ ਮਾਂਵਾਂ ਦੇ
ਪੁੱਤਰਾਂ ਦੀ ਮਈਅਤ ਵੇਖੀ ਏ