ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਮੈਨੂੰ ਦਵਾ ਤਾਂ ਦੇ।