ਜਿਨ੍ਹਾਂ ਹੱਥਾਂ ਨੇ ਧੀ ਅੱਜ ਤੋਰਨੀ ਸੀ,
ਉਹੀ ਹੱਥ ਨੇ ਅੱਜ ਅਲੋਪ ਹੋਏ।
ਕਿਸਮਤ ਕਿਸ ਮੋੜ ਤੇ ਲੈ ਆਈ,
ਵੇਖੋ ਕਰਮ ਵੀ ਕਿੰਨੇ ਕਰੋਪ ਹੋਏ।
ਮੌਤ ਭੈੜੀਏ ਰਤਾ ਨਾ ਤਰਸ ਕੀਤਾ,
ਡਾਕਾ ਧੀਆਂ ਦੇ ਹੱਕ ਤੇ ਮਾਰਿਆ ਤੂੰ।
ਅੱਖਾਂ ਸਾਹਮਣੇ ਧੀਆਂ ਤੋਂ ਮਾਂ ਖੋਹੀ,
ਇਹ ਕੀ ਕਹਿਰ ਗੁਜਾਰਿਆ ਤੂੰ।
ਖੁਸ਼ੀ ਵੇਖ ਕੇ ਮੂਲ ਨਾ ਜ਼ਰ ਸਕੀ,
ਰੰਗ ਵਿਚ ਕੀ ਭੰਗ ਖਿਲਾਰਿਆ ਤੂੰ,
ਮਮਤਾ ਭਰਿਆ ਪਿਆਰ ਲੁੱਟਿਆ ਈ,
ਭਲਾ ਗ਼ਰੀਬ ਦਾ ਨਾ ਵਿਚਾਰਿਆ ਤੂੰ।
ਛੱਡ ਕੇ ਘਰ ਬਾਬਲ ਦਾ ਜਦ ਧੀ ਤੁਰਨਾ,
ਹਿੱਲ ਜਾਣੈ ਨੇ ਜ਼ੀਮੀ ਅਸਮਾਨ ਲੋਕੋ।
ਜਦ ਮਾਂ ਨਾ ਧੀ ਨੂੰ ਨਜ਼ਰ ਆਈ,
ਰਹਿ ਜਾਣੈ ਨੇ ਦਿਲਾਂ ਦੇ ਅਰਮਾਨ ਲੋਕੋ।
ਬਿਨਾਂ ਮਾਂ ਨਾ ਕਿਸੇ ਪਿਆਰ ਦੇਣਾ,
ਮਿਲਣੈ ਧੀ ਨੂੰ ਨਹੀਂ ਸਨਮਾਨ ਲੋਕੋ।
ਦਿਲ ਧੜਕਣਾ ਮਾਂ ਦੇ ਪਿਆਰ ਬਦਲੇ,
ਰਹਿ ਜਾਣੈ ਨੇ ਯਾਦਾਂ ਦੇ ਪ੍ਰਮਾਣ ਲੋਕੋ।
ਬਿਨਾਂ ਮਾਂ ਨਾ ਵਾਰਣੈ ਕਿਸੇ ਪਾਣੀ,
ਸ਼ਗਨ ਨੂੰਹ ਦੇ ਕਿਸੇ ਉਤਾਰਣੈ ਨਹੀਂ।
ਦੁੱਖ ਵਿਚ ਨਾ ਕਿਸੇ ਭਾਈਵਾਲ ਬਣਨਾ,
ਕਾਰਜ ਕਿਸੇ ਨੇ ਆਣ ਸਵਾਰਨੈ ਨਹੀਂ।
ਨਿੱਘ ਮਾਂ ਦੀ ਗੋਦ ਦਾ ਨਹੀਂ ਮਿਲਣਾ,
ਕਿਸੇ ਲਾਡ ਨਾਲ ਸਿਰ ਪਿਆਰਨੈ ਨਹੀਂ।
ਜਿੰਨੇ ਮਾਂ ਝੱਲੇ ਬੱਚਿਆ ਲਈ,
ਕਿਸੇ ਹੋਰ ਨੇ ਦੁੱਖ ਸਹਾਰਨੈ ਨਹੀਂ।
ਅੰਤ ਵਿਚ ਹੈ ਰੱਬਾਂ ਅਰਦਾਸ ਮੇਰੀ,
ਮਾਂ ਮਰੇ ਨਾ ਕਿਸੇ ਨਿਆਣਿਆਂ ਦੀ,
ਇਸ ਜੱਗ ਤੇ ਕੋਈ ਨਹੀਂ ਸਾਰ ਲੈਂਦਾ,
ਬਾਂਹ ਫੜੇ ਦਾ ਕੋਈ ਨਿਤਾਣਿਆਂ ਦੀ।
ਟੁੱਕ ਹੱਥਾਂ ,ਚੋ ਕਾਂ ਨੇ ਖੋਹ ਲੈਂਦੇ,
ਵਸ ਚਲਦੇ ਨਹੀਂ ਫਿਰ ਸਿਆਣਿਆਂ ਦੇ।
“ਢਿੱਲੋਂ” ਮਾਂ ਨਾਲ ਹੈ ਘਰ ਸੋਹਦਾ,
ਬੋਲ ਮਿੱਠੇ ਲੱਗਦੇ ਵਾਂਗ ਮਿਖਾਣਿਆਂ ਦੇ।