ਜ੍ਹਿਨੇ ਕਲ ਦਿਲ ਦੁਖਾਇਆ ਸੀ ਉਹੀ ਅਜ ਸਾਰ ਹੈ ਪੁੱਛਦਾ
ਬੜੇ ਅੰਦਾਜ਼ ਨਾ ਪੁੱਛੇ ਕਿ ਦਿਲ ਕਿੰਨਾਂ ਕੁ ਹੈ ਦੁਖਦਾ
ਇਹ ਕਿੰਨੇ ਸਹਿ ਲਏ ਨੇ ਮੈਂ ਤੇ ਕਿੰਨੇ ਨੇ ਅਜੇ ਬਾਕੀ
ਮਿਰੇ ਦਰਦਾਂ ਦਾ ਮੇਰੇ ਤੋਂ ਅਜੇ ਤਕ ਜੋੜ ਨਾ ਮੁਕਦਾ
ਸਮਾਂ ਹੈ ਬਖਸ਼ਦਾ ਕਿਸ ਨੂੰ ਸਮੇਂ ਨਾ ਸਭ ਬਦਲਦਾ ਹੈ
ਉਨੂੰ ਇਹ ਤੋੜ ਹੈ ਦਿੰਦਾ ਜੋ ਇਸ ਅੱਗੇ ਨਹੀਂ ਝੁਕਦਾ
ਪਰਾਂ ਨੂੰ ਤੋਲ ਕੇ ਵੇਖੋ ਹੈ ਕਿੰਨਾਂ ਜ਼ੋਰ ਏਨਾਂ ਵਿਚ
ਜ੍ਹਿਦੇ ਹੈ ਜ਼ੋਰ ਖੰਭਾਂ ਵਿਚ ਉਹੀ ਅੰਬਰ ਤੇ ਹੈ ਉਡਦਾ
ਦਿਲਾ ਨਾ ਕਰ ਕੋਈ ਵਾਅਦਾ ਨਿਵਾਣਾਂ ਜੋ ਨਹੀਂ ਮੁਮਕਿਨ
ਬੜਾ ਹੀ ਦਰਦ ਹੁੰਦਾ ਹੈ ਜਦੋਂ ਵਾਅਦਾ ਕੋਈ ਟੁਟਦਾ
ਜਦੋਂ ਵੀ ਪਾਲ ਨੇ ਤੱਕਿਆ ਹੈ ਹੁੰਦਾ ਜ਼ੁਲਮ ਲੋਕਾਂ ਤੇ
ਉ੍ਹਦਂੋ ਇਹਦੇ ਵੀ ਸੀਨੇ ਵਿਚ ਕੋਈ ਖੰਜਰ ਹੈ ਆ ਚੁਭਦਾ