ਲੜ ਚਾਨਣੀ ਨੇ ਹੈ ਕਿਉਂ ਸਾਥੋਂ ਛੁਡਾ ਲਿਆ।
ਕੁੰਗੂ ਹਿਜ਼ਰਾਂ ਦਾ ਅਸਾਂ ਸਿਰ ਅਪਣੇ ਪਾ ਲਿਆ।
ਹਰ ਸਾਲ ਸੀ ਬਹਾਰ ਰਹੀ ਸੀ ਗੇੜਾ ਮਾਰਦੀ।
ਪਤਝੜ ਨੇ ਸੀ ਡੇਰਾ ਘਰੇ ਸਾਡੇ ਲਾ ਲਿਆ।
ਕੜਕਣ ਬਿਜਲੀਆਂ ਜਾਂ ਹੁਣ ਬਰਸੇ ਮੇਘਲਾ,
ਸਹਿਣ ਲਈ ਦਰਦ ਏਹ ਦਿਲ ਨੂੰ ਸਮਝਾ ਲਿਆ।
ਅਪਣੀ ਹਸਤੀ ਮਿਟਾ ਲਈ ਅਸਾਂ ਉਸ ਦੇ ਰਾਹ ‘ਤੇ,
ਸਾਰਾ ਆਲਮ ਹੀ ਵੇਖੋ ਹੁਣ ਅਪਣਾ ਬਣਾ ਲਿਆ।
ਹਨੇਰਿਆਂ ‘ਚ ਹੁਣ ਆਪਾ ਨਹੀਂ ਗੁਆਚਦਾ ਮੇਰਾ,
ਅੰਦਰੋਂ ਮੈਂ ਅਪਣਾ ਆਪਾ ਜੁ ਹੈ ਜਗਾ ਲਿਆ।
ਕੈਸੀ ਅਜ਼ੀਬ ਖੇਡ ਖੇਡੀ ਅਸਾਂ ਇਸ਼ਕ ਵਾਲੀ,
ਡੁੱਬ ਕੇ ਜਿਸ ਵਿੱਚ ਅਸਾਂ ਕਿਨਾਰਾ ਪਾ ਲਿਆ।
ਮਸਤੀ ਹੀ ਮਸਤੀ ਟਕਿਦੀ ਹੈ ਹੁਣ ਗਿਰਦ ਮੇਰੇ,
ਆਪਣਾ ਵਜ਼ੂਦ ਹੈ ਹੁਣ ਉਹਦੇ ‘ਚ ਸਮਾ ਲਿਆ।