ਦਰ ਕਿਨਾਰਾ ਕਰ ਗਏ, ਬਣੇ ਜੋ ਸਾਡਾ ਸਾਥ ਸੀ।
ਬਿਨ ਹੁੰਗਾਰੇ ਮੁੱਕ ਗਈ ਪਾਈ ਅਸਾਂ ਜੋ ਬਾਤ ਸੀ।
ਚਮਕਿਆ ਜੋ ਵਾਂਗ ਸੋਨੇ, ਭੈੜਾ ਪਿੱਤਲ ਨਿਕਲਿਆ,
ਚਾਰ ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਸੀ।
ਜਿੰਦਗੀ ਦੇ ਰਾਹ ਦਾ ਹਮਸਫਰ ਬਣਨਾ ਲੋਚਿਆਂ,
ਮੁੜ ਉਸ ਨਾ ਵੇਖਿਆ, ਹਿਜ਼ਰਾਂ ਭਰੀ ਹਯਾਤ ਸੀ।
ਕਹਿ ਮਨ ਅਪਣੇ ਨੂੰ ਏਦਾਂ, ਸੀ ਅਸਾਂ ਸਮਝਾ ਲਿਆ,
ਗ਼ਮ ਨਾ ਕਰ ਤੂੰ ਦੋਸਤਾ, ਇਹੀ ਤੇਰੀ ਬਾਰਾਤ ਸੀ।
ਫਿਰ ਮਿਲੇ ਰਾਹ ਅਸਾਡੇ, ਅਸਾਂ ਉਸ ਨੂੰ ਵੇਖਿਆ,
ਝੱਟ ਉਹ ਓਝਲ ਹੋ ਗਏ ਕੈਸੀ ਮੁਲਾਕਾਤ ਸੀ।
ਬਣ ਪੱਥਰ ਖੜੇ ਰਹੇ ਫਿਰ ਮਿਲਣ ਦੀ ਆਸ ਵਿੱਚ,
ਜ਼ਾਲਮ ਕੈਸਾ ਨਿਕਲਿਆ ਫਿਰ ਨਾ ਪਾਈ ਝਾਤ ਸੀ।
ਅੱਖੋਂ ਹੰਝੂ ਵਹਿ ਤੁਰੇ ਦਿਲ ਤੇ ਬਿਜਲੀਆਂ ਪੈ ਗਈਆਂ,
ਸਾਵਣ ਅਜੇ ਤਾਂ ਦੂਰ ਸੀ, ਇਹ ਕੈਸੀ ਬਰਸਾਤ ਸੀ।