ਫੁੱਲ  ਪੱਤੇ  ਜੋ   ਨਾਲ  ਬਹਾਰਾਂ  ਆਂਦੇ  ਨੇ ।
ਪੱਤਝੜਾਂ  ਨੂੰ  ਸੋਚ  ਕੇ  ਕਦ  ਘਬਰਾਂਦੇ ਨੇ ।
ਜੀਵਨ - ਜਾਚ  ਨਾ  ਆਈ ਉਹਨਾਂ ਲੋਕਾਂ ਨੂੰ ,
ਕੱਲ੍ਹ  ਬਾਰੇ   ਜੋ  ਸੋਚ  ਕੇ \'ਅੱਜ\' ਗਵਾਂਦੇ ਨੇ ।
ਠੱਗੀ  ਠ੍ਹੌਰੀ  ਜਿਸ  ਦੀ ਆਦਤ ਬਣ ਜਾਂਦੀ,
ਆਪਣਿਆਂ   ਤੋਂ   ਵੀ ਫਿਰ ਅੱਖ ਬਚਾਂਦੇ ਨੇ ।
ਮਿੱਤਰ , ਰਿਸ਼ਤੇ  ਖੇਰੂੰ   ਖੇਰੂੰ   ਹੋ   ਜਾਂਦੇ ,
ਲਾਲਚ  ਵਿਚ  ਜੋ ਪੈ, ਨਾ ਕੌਲ ਨਿਭਾਂਦੇ ਨੇ ।
ਭਰਿਆ ਭਰਿਆ ਵਿਹੜਾ  ਸਖ਼ਣਾ ਹੋ ਜਾਂਦਾ,
ਜਦ ਪੁੱਤਰ ਧੀਆਂ  ਅਪਣੇ ਘਰ ਵਸਾਂਦੇ ਨੇ ।
ਸੁੱਖੀ  ਸਾਂਦੀ ਰਹਿਣ  ਜਿਥੇ  ਵੀ ਰਹਿੰਦੇ ਨੇ,
ਹਰ ਗੱਲ ਪਿਛੋਂ ਅੰਤ ਤੇ ਉਹ ਦੁਆ\'ਦੇ ਨੇ ।