ਮਰ ਗਈ ਏ ਮਹਿਕ ਜਿਸ ‘ਚੋਂ ਅਹਿਸਾਸ ਦੀ।
ਜੀਅ ਰਿਹਾ ਉਹ ਜਿੰਦਗੀ ਹੈ ਕਾਸ ਦੀ।
ਪੌਡ ਡਾਲਰ ਛਾ ਗਏ ਮਨੁੱਖ ਦੀ ਸੁੱਚੀ ਸੋਚ ‘ਤੇ,
ਤੜਪੇ ਹਰਦਮ ਆਦਮੀ ਆਸ ਲੈ ਪ੍ਰਵਾਸ ਦੀ।
ਰੁੱਖ ਨੇ ਮੁੱਕਦੇ ਜਾ ਰਹੇ,ਪੰਛੀ ਸਭ ਮਾਰੇ ਟਾਵਰਾਂ,
ਦੇ ਰਹੇ ਨੇ ਕਿਉਂ ਦੁਹਾਈ ਹੋ ਰਹੇ ਵਿਕਾਸ ਦੀ।
ਬੰਦੇ ‘ਚੋਂ ਬੰਦਾ ਮਰ ਗਿਆ,ਤੁਰਦੀ ਫਿਰਦੀ ਲਾਸ਼ ਹੈ,
ਦੱਸ ਇਹਦਾ ਕੀ ਕਰਾਂ ਭੜਕੀ ਜੋ ਅੱਗ ਵਿਨਾਸ਼ ਦੀ।
ਧੀਆਂ ਕਦੇ ਧਿਆਣੀਆਂ ਮਾਂ ਦਾ ਮੋਹ ਸੀ ਲੈਂਦੀਆਂ,
ਮਰ ਰਹੀਆਂ ਨੇ ਗਰਭ ਅੰਦਰ, ਤੰਦ ਟੁੱਟੀ ਆਸ ਦੀ।
ਮੋਹ ਦਿਲਾਂ ‘ਚੋਂ ਮੁੱਕਿਆ, ਮਮਤਾ ਦਾ ਸਾਗ਼ਰ ਸੁੱਕਿਆ,
ਸੂਰਜ ਦੁਪਹਿਰੇ ਡੁੱਬਿਆ,ਕਿਰਨ ਮਰਗੀ ਆਸ ਦੀ।