ਗੁਆਏ ਪਲ ਤੇ ਵਿਛੜੇ ਯਾਰ ਅਕਸਰ ਯਾਦ ਆਉਂਦੇ  ਨੇ
ਜਦੋਂ ਭੀ ਯਾਦ  ਆਉਂਦੇ ਨੇ ਬਰਾਬਰ ਯਾਦ ਆਉਂਦੇ  ਨੇ 
ਘਟੇ ਜਦ ਦਰਦ  ਦਿਲ ਵਿਚੋਂ ਮੈਂ ਛੇੜਾਂ  ਦਾਸਤਾਂ ਅਪਣੀ
ਬਿਤਾਏ ਨਾਲ  ਉਹਦੇ ਦਿਨ ਨਿਰੰਤਰ ਯਾਦ ਆਉਂਦੇ  ਨੇ 
ਨਹੀਂ ਭੁੱਲਦਾ ਕਦੇ ਮੈਨੂੰ ਉਹਦਾ ਅਠਖੇਲੀਆਂ ਕਰਨਾ
ਉਹਦੇ ਹਾਸੇ ਭੀ ਮੈਨੂੰ,ਅੱਖਾਂ ਭਰ ਭਰ ਯਾਦ  ਆਉਂਦੇ ਨੇ 
ਇਹ ਵੱਖਰੀ ਹੀ ਕਹਾਣੀ ਹੈ ਮਿਰੀ ਕਿਸ਼ਤੀ ਦੇ ਡੁੱਬਣ ਦੀ
ਕਿ ਮੇਰੇ ਮਾਝੀ ਤੇਰੇ ਸਾਰੇ ਅਡੰਬਰ ਯਾਦ ਆਉਂਦੇ  ਨੇ 
ਰਿਹਾ ਬਿਸਮਿਲ ਹਮੇਸ਼ਾ ਮੈ,ਚੁਭੋਂਦਾ ਉਹ ਰਿਹਾ ਨਸ਼ਤਰ
ਚੁਭੋਏ ਰੰਗਲੇ  ਹੱਥਾਂ ਦੇ ਨਸ਼ਤਰ ਯਾਦ ਆਉਂਦੇ  ਨੇ 
ਵਰਾਉਂਦਾ ਹੀ ਰਿਹਾ ਲਾ ਲਾ ਕੇ ਲਾਰੇ ਆਪਣੇ ਦਿਲ  ਨੂੰ
ਤਿਰੇ ਝੂਠੇ ਉਹ ਵਾਅਦੇ ਯਾਰ ਅਕਸਰ ਯਾਦ  ਆਉਂਦੇ ਨੇ 
ਛੁਡਾ ਸਕਿਆ ਨਾ ਪਿੱਛਾ ਮੈਂ ਉਹਨਾਂ ਮਾਸੂਮ  ਨਜ਼ਰਾਂ ਤੋ
ਅਜੇ ਮਖਮੂਰ  ਨਜ਼ਰਾਂ ਦੇ ਉਹ ਸਾਗਰ ਯਾਦ ਆਉਂਦੇ  ਨੇ 
ਸੁਣਾਵਣ ਦਾਸਤਾਂ ਦਿਲ ਦੀ ਮਿਰੇ ਖਾਮੋਸ਼ ਇਹ ਹੰਝੂ
ਇਹ ਦਿਲ  ਮਜ਼ਬੂਰ ਹੋ ਜਾਂਦੈ,ਸਿਤਮਗਰ ਯਾਦ  ਆਉਂਦੇ ਨੇ 
ਨਾ ਕੋਈ  ਬੇਵਫਾ ਹੈ ਭਾਰਤੀ !ਨਾ ਬਾਵਫਾ  ਕੋਈ
ਇਹ ਹਨ ਅਹਿਸਾਸ ਦਿਲ ਦੇ ਜੋ ਐ ਦਿਲਬਰ ਯਾਦ  ਆਉਂਦੇ ਨੇ