ਹੰਝੂਆਂ ਦੀ ਬਰਸਾਤ ਦੇ ਗਿਆ ਕੋਈ
ਪੀੜਾਂ ਦੀ ਸੌਗਾਤ ਦੇ ਗਿਆ ਕੋਈ
ਦੋ ਘੜੀਆਂ ਹਸਾ ਕੇ ਲੁੱਟ ਲੈ ਗਿਆ ਹਾਸੇ
ਗ਼ਮਾਂ ਦੀ ਰਾਤ ਦੇ ਗਿਆ ਕੋਈ
ਦਿਨ ਚੜ੍ਹਦੇ ਉਡੀਕਾਂ ਹਰ ਰੋਜ਼ ਉਸਨੂੰ
ਆਸਾਂ ਦੀ ਪ੍ਰਭਾਤ ਦੇ ਗਿਆ ਕੋਈ
ਜਿਸ ਪਾਈ ਬਾਤ ਦਾ ਹੁੰਗਾਰਾ ਨਹੀਂ ਮਿਲਦਾ
ਐਸੀ ਇੱਕ ਬਾਤ ਦੇ ਗਿਆ ਕੋਈ
ਸਦਾ ਉਹਦੀ ਯਾਦ ‘ਚ ਰਹਿਣ ਜੋ ਵਿਲਕਦੇ
ਸਿਸਕਦੇ ਜ਼ਜ਼ਬਾਤ ਦੇ ਗਿਆ ਕੋਈ
ਰੋਜ਼ ਮੇਰੇ ਸੀਨੇ ‘ਚੋਂ ਜੋ ਆਰ-ਪਾਰ ਲੰਘਦੀ ਏ
ਯਾਦਾਂ ਦੀ ਬਾਰਾਤ ਦੇ ਗਿਆ ਕੋਈ
ਦਿਨ ਲੰਘੇ ਯਾਦਾਂ ‘ਚ ਤੇ ਰਾਤ ਲੰਘੇ ਖਾਬਾਂ ‘ਚ
ਐਸੇ ਖਿਆਲਾਤ ਦੇ ਗਿਆ ਕੋਈ
ਆਰ ਦੇ ਰਹੇ ਨਾ ਅਸੀਂ ਹੁਣ ਪਾਰ ਦੇ ਰਹੇ
ਸਾਨੂੰ ਐਸੀ ਮਾਤ ਦੇ ਗਿਆ ਕੋਈ
ਭੁੱਲਣਾ ਜੇ ਚਾਹਵਾਂ ਤਾਂ ਭੁੱਲੇ ਨਾ ‘ਬਦੇਸ਼ਾ’ ਮੈਨੂੰ
ਐਸੀ ਸੋਹਣੀ ਝਾਤ ਦੇ ਗਿਆ ਕੋਈ