ਤੇਰੇ ਤੁਰ ਜਾਣ ਦੇ ਮਗਰੋਂ, ਸੁਰਾਹੀ ਜਾਮ ਬਾਕੀ ਹੈ
ਸੁਬਹ ਤਾਂ ਬੀਤ ਗਈ ਸੋਹਣੀ, ਉਦਾਸੀ ਸ਼ਾਮ ਬਾਕੀ ਹੈ
ਮੈਂ ਸੁਣਿਆ ਰਾਗ ਕੋਇਲਾਂ ਦਾ, ਭਰੀ ਪਰਵਾਜ਼ ਪੌਣਾਂ ਥੀਂ
ਅਜੇ ਵੀ ਸੁਪਨਿਆਂ ਅੰਦਰ, ਹਸੀਂ ਗੁਲਫ਼ਾਮ ਬਾਕੀ ਹੈ
ਜਦੋਂ ਤਕ ਲੋਅ ਹੈ ਅੱਖਾਂ ਵਿਚ, ਮੈਂ ਤੇਰੀ ਝਲਕ ਚਾਹੁੰਦਾ ਹਾਂ
ਹਨੇਰਾ ਹੋ ਗਿਆ ਫਿਰ ਤਾਂ, ਬੜਾ ਬਿਸਰਾਮ ਬਾਕੀ ਹੈ
ਉਦਾਸੀ ਆਤਮਾ ਮੇਰੀ ਤੇ ਖੇੜਾ ਤੁਰ ਗਿਆ ਕਿਧਰੇ
ਬਦਨ ਵਿਚ ਜਾਨ ਨਹੀਂ ਬਾਕੀ, ਬਦਨ ਦਾ ਨਾਮ ਬਾਕੀ ਹੈ
ਤੇਰੇ ਬਿਨ ਸੁੱਕੀਆਂ ਮੁੰਜਰਾਂ, ਬਰਸ ਕਾਲੀ ਘਟਾ ਬਣਕੇ
ਸਮੇਂ ਨੂੰ ਦੋਸ਼ ਦੇਵਣ ਦਾ, ਅਜੇ ਇਲਜ਼ਾਮ ਬਾਕੀ ਹੈ
ਮਿਲਣ ਦਾ ਰੰਗ ਕੱਚਾ ਹੈ, ਵਿਛੋੜੇ ਵਿਚ ਇਹ ਲਹਿ ਜਾਵੇ
ਮਜੀਠੀ ਰੰਗ ਦਰਦਾਂ ਦਾ, ਉਹਦਾ ਇਲਹਾਮ ਬਾਕੀ ਹੈ
ਤੇਰੇ ਨੈਣਾਂ ‘ਚ ਸਰਘੀ ਹੈ, ਮੇਰਾ ਜੀਵਨ ਵੀ ਕਰ ਰੌਸ਼ਨ
ਜੋ ਜਾਦੂ ਹੈ ਮੁਹੱਬਤ ਦਾ, ਉਹ ਜ਼ਿਕਰ-ਏ-ਆਮ ਬਾਕੀ ਹੈ
ਅਜੇ ਫ਼ੁਰਕਤ ਬਰੂਹਾਂ ‘ਤੇ, ਨਜ਼ਰ ਆਉਂਦਾ ਨਹੀਂ ਮਹਿਰਮ
ਚੁਫ਼ੇਰੇ ਛਾ ਰਿਹਾ ਨ੍ਹੇਰਾ, ਅਜੇ ਘਣਸ਼ਾਮ ਬਾਕੀ ਹੈ
ਅਜੇ ਤੂੰ ਦੂਰ ਹੈ ਮੈਥੋਂ, ਤੇ ਬਿਖੜਾ ਰਾਹ ਮੁਹੱਬਤ ਦਾ
ਮੈਂ ਕੱਢਣੀਂ ਨਹਿਰ ਪਰਬਤ ‘ਚੋਂ, ਬੜਾ ਸੰਗਰਾਮ ਬਾਕੀ ਹੈ
0