ਗ਼ਜ਼ਲ

ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ।
ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ।
ਵਕਤ ਦੇ ਝੱਖੜਾਂ ਕਰ ਦਿੱਤਾ ਏ ਆ੍ਹਲਣਾ ਮੇਰਾ ਤੀਲਾ-ਤੀਲਾ,
ਹੱਸਦਾ ਵੱਸਦਾ ਇਸ ਦੁਨੀਆ ਤੇ ਮੇਰਾ ਵੀ ਸੰਸਾਰ ਸੀ ਹੁੰਦਾ।
ਤਰਸ ਗਿਆ ਹਾਂ ਸੂਰਤ ਉਸ ਦੀ ਸੁਪਣੇ ਵਿਚ ਹੀ ਮਿਲ ਜਾਏ ਕਿਧਰੇ,
ਕੋਈ ਵੇਲਾ ਸੀ ਸ਼ਾਮ ਸਵੇਰੇ ਦੋਵੇਂ ਵਕਤ ਦੀਦਾਰ ਸੀ ਹੁੰਦਾ।
ਪਿਆਰ ‘ਚ ਐਸੀ ਸ਼ਕਤੀ ਹੁੰਦੀ ਪੱਥਰ ਦਿਲ ਵੀ ਮੋਮ ਬਣਾ ਦਏ,
ਫੁੱਲਾਂ ਵਰਗਾ ਕੋਮਲ ਕਰ ਦਏ ਜਿਹੜਾ ਕਦੇ ਕਟਾਰ ਸੀ ਹੁੰਦਾ।
ਅੱਜ ਗੈਰਾਂ ਦੀ ਛਤਰੀ ਉੱਤੇ ਬੈਠਾ ਗੁਟਕੂੰ-ਗੁਟਕੂੰ ਕਰਦਾ,
ਸਾਡੇ ਦਿਲ ਦੇ ਏਸ ਬਨੇਰੇ ਦਾ ਉਹ ਕਦੇ ਸ਼ਿੰਗਾਰ ਸੀ ਹੁੰਦਾ।
ਖੁਸ਼ੀਆਂ ਮਾਣੇ ਹੱਸੇ ਖੇਡੇ ਮੇਰੀ ਉਮਰ ਵੀ ਉਸ ਨੂੰ ਲੱਗ ਜਾਏ,
ਹੋਇਆ ਕੀ ਜੇ ਦੂਰ ਤੁਰ ਗਿਆ ਕਦੇ ਤਾਂ ਸਾਡਾ ਯਾਰ ਸੀ ਹੁੰਦਾ