ਬਘਿਆੜਾਂ ਦੇ ਵਿਚ ਫਸਿਆ ਲੇਲਾ,
ਕਿਵੇਂ ਜਾਨ ਬਚਾਏਗਾ।
ਵਿਚ ਕਰੀਰਾਂ ਘਿਰਿਆ ਕੇਲਾ।
ਕਿਵੇਂ ਫੱਲ ਖਵਾਏਗਾ।
ਜਿਸ ਦੀ ਕੋਈ ਨਹੀ ਸਿਫਾਰਸ਼ ਏਥੇ,
ਇਨਸਾਫ ਕਿਵੇਂ ਉਹ ਪਾਵੇਗਾ।
ਹਰ ਹਾਕਮ ਹੁਕਮ ਦਾ ਬੱਧਾ,
ਕਿਵੇਂ ਕਾਨੂੰਨ ਦੀ ਬਾਤ ਬਤਾਵੇਗਾ।
ਇਹ ਕਾਨੂੰਨ ਹੈ ਸਭ ਲਈ ਇਕੋ,
ਕਿਸ ਨੂੰ ਕੌਣ ਸੁਣਾਏਗਾ।
ਤਕੜੇ ਦੇ ਕੰਮ ਟੈਲੀਫੂਨਾਂ ਤੇ ਹੁੰਦੇ,
ਮਾੜਾ ਕਿਹਦਾ ਫੂਨ ਕਰਵਾਏਗਾ।
ਲੋਕਲ ਲੀਡਰ ਜੀਣ ਨਹੀਂ ਦੇਂਦੇ,
ਦੁੱਖੀ ਕਿਸ ਨੂੰ ਦੁੱਖ ਸੁਣਾਏਗਾ।
ਝੂਠੀਆਂ ਦਰਖਾਸਤਾਂ ਦੇ ਮੁੱਲ ਨੇ ਪੈਂਦੇ,
ਸੱਚਾ ਕਿਸ ਨੂੰ ਦੁੱਖ ਸੁਣਾਏਗਾ।
ਏਥੇ ਚੋਰ ਉਚੱਕੇ ਬਣੇ ਚੌਧਰੀ,
ਹਰ ਪਾਸੇ ਮਾੜਾ ਝਿੜਕਾਂ ਖਾਏਗਾ।
ਲੈ ਦਰਖਾਸਤਾਂ ਦਰ ਦਰ ਭਟਕੇ.
ਐਪਰ ਕੋਈ ਨਹੀਂ ਪੱਲਾ ਫੜਾਏਗਾ।
ਹਾਰ ਹੰਭ ਕੇ ਗ਼ਰੀਬ ਨਿਮਾਣਾ,
ਇਕ ਰੱਬ ਦੀ ਆਸ ਲਗਾਏਗਾ।
ਪੈਸਾ ਅਤੇ ਸਿਫਾਰਸ਼ ਚਲਦੀ,
ਕੌਣ ਲੋਕਤੰਤਰ ਦੇ ਗੀਤ ਗਾਵੇਗਾ।
“ਬਰਾੜ” ਪੁਛਦਾ ਰੱਬ ਤੇ ਤਾਈਂ,
ਕੀ ਕਦੇ ਇਨਸਾਫ ਦਾ ਰਾਜ ਵੀ ਆਵੇਗਾ