ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਦਿਲ ਦਰਿਆ ਸਮੁਂਦਰੋਂ ਡੂੰਘੇ ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।
ਸੋਹਣੀ ਤੋਂ ਵੀ ਸੋਹਣੀ ਸੂਰਤ ,
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।
ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।
ਚੀਕ - ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ ,
ਹੱਥਾਂ ਵਿਚ ਹੀ ਭੁਰ ਗਏ ਨੇ।
ਹੁਣ “ਕੁਲਵੰਤੀ ਰੁੱਤ ਬਸੰਤੀ”
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।
ਪਰਛਾਂਵੇਂ ‘ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।
ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ ,
ਸਮਝ ਕੋਈ ਵੀ ਆਉਂਦੀ ਨਹੀ।
ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ ‘ਤੇ ,
ਤੇਰੇ ਜਿਹੀ ਕੋਈ ਹੂਰ ਨਹੀ।
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।
“ਸੁਹਲ” ਦਿਲ ਦੀ ਪੂਰਨਮਾਸ਼ੀ ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ ,
ਮੈਂ ਸੌਂ ‘ਜਾਂ ਉਹ ਸਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ