ਸਿਸਟਮ

ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ।
ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।
ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ
ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ।
ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ।
ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ
ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ।
ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ
ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ।
ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ
ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ