ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ,
ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ,
ਵਿਛੜੇ ਬਾਜ ਨਾ ਹੋਇਆਂ ਦਾ ਮੂਲ ਪੈਂਦਾ,
ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ,
ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ,
ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ,
ਬਿਨਾ ਜੁੱਗਤ ਤੋਂ ਜੰਗ ਨਾ ਜਾਏ ਜਿੱਤੀ,
ਭਾਵੇਂ ਲੱਖਾਂ ਦੀਆਂ ਜਾਨਾਂ ਜਾਣ ਵਾਰੀਆਂ ਬਈ,
ਰਾਜੇ ਮਹਾਰਜੇ ਕਦੇ ਘਰ ਨਾ ਰੱਖ ਸਕੇ,
ਧੀਆਂ ਹੋਣ ਭਾਂਵੇ ਲੱਖ ਦੁਲਾਰੀਆਂ ਬਈ,
ਬਾਜ ਫੁੱਲਾਂ ਕਲੀਆਂ ਦੇ ਨਾ ਸੋਹੰਦੀਆਂ ਨੇ,
ਵਿੱਚ ਬਾਗੀ ਰੰਗਲੀਆਂ ਕਿਆਰੀਆਂ ਬਈ,
ਰਹੇ ਚੁਗਦੇ ਅਤੇ ਪੈਣੀਆਂ ਚੁਗਣੀਆਂ ਨੇ,
ਚੋਗਾਂ ਰੱਬ ਨੇ ਜਿਥੇ ਵੀ ਖਿਲਾਰੀਆਂ ਬਈ,
ਬਿਨਾ ਮਹਿਕ ਤੋਂ ਫੁੱਲ ਦੀ ਕੀ ਜਿੰਦਗੀ,
ਬਿਨ ਪੱਤੀਆਂ ਕੀ ਟਾਹਣੀਆਂ ਵਿਚਾਰੀਆਂ ਬਈ,
ਤੁਰ ਜਾਣ ਪਿਛੋਂ ਬਰਾੜ” ਕਿਸੇ ਨਾ ਯਾਦ ਕਰਨਾ,
ਗੱਲਾਂ ਜਿਹਣਾ ਨੂੰ ਲੱਗਣ ਅੱਜ ਪਿਆਰੀਆਂ ਬਈ