ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ
ਸਾਗਰਾਂ ਤੋਂ ਪਾਰ ਨੇ ਉਹ ਜਾ ਰਹੇ
ਦੇਸ਼ ਅੰਦਰ ਬਹੁਤ ਨੇ ਦੁਸ਼ਵਾਰੀਆਂ
ਖ਼ਾਬ ਪਲਕਾਂ ਵਿਚ ਉਹ ਲਟਕਾ ਰਹੇ
ਦੇਸ ਜੈਸਾ ਵੇਸ ਤੈਸਾ ਪਉਣ ਲਈ
ਸੂਈ ਦੇ ਨੱਕੇ ‘ਚੋਂ ਲੰਘਣ ਜਾ ਰਹੇ
ਜੋ ਚੁਬਾਰੇ ਸੁੱਖ ਛੱਜੂ ਦੇ ਨਾ ਕਿਤੇ
ਕਾਫ਼ਲੇ ਪਰ ਫਿਰ ਵੀ ਤੁਰਦੇ ਜਾ ਰਹੇ
ਪਾਠ ਉਲਟਾ ਪੜ੍ਹ ਲਿਆ ਹੈ ਧਰਮ ਦਾ
ਮਸਜਿਦਾਂ ਦੀ ਦਿੱਖ ਨੇ ਬਦਲਾ ਰਹੇ
ਇਕ ਵੀ ਸਾਬਿਤ ਕਦਮ ਧਰਿਆ ਨਹੀਂ
ਢੋਲ ਰਾਜੇ ਫਿਰ ਕਿਉਂ ਵਜਵਾ ਰਹੇ
ਸੜ ਰਹੇ ਮਾਂ ਦੇ ਜਿਗਰ ਸਿਡਨੀ ‘ਚ ਨੇ
ਹੋਣੀ ਜੋ ਪਰਵਾਸ ਦੀ ਹੰਢਾ ਰਹੇ
ਜੋ ਕਦੇ ਜਪਦੇ ਗੁਰਾਂ ਦਾ ਨਾਮ ਸੀ
ਹੁਣ ਵਤਨ ਤੋਂ ਬਾਹਰ ਦੀ ਰਟ ਲਾ ਰਹੇ
ਹੀਰ ਦੇ ਲਈ ਰਾਂਝਾ ਜੋਗੀ ਹੋ ਗਿਆ
ਰਾਂਝੇ ਹੁਣ ਪਰਵਾਸੀ ਬਾਣਾ ਪਾ ਰਹੇ
ਵੇਖ! ‘ਨੇਕਾਂ ਰੰਗ ਦੇ ਨੇ ਫੁੱਲ ਇਹ
ਇਕ ਕਿਆਰੀ ਵਿਚ ਖਿੜੇ ਮੁਸਕਾ ਰਹੇ