* ਕਿੰਨਾ ਕੁ ਚਿਰ , ਕਿੰਨੇ ਹੋਰ ,
ਕਿੰਨੀਆਂ ਖੁਦਕੁਸ਼ੀਆਂ ਕਰਨਗੇ ,
ਕਰਜ਼ੇ ਦੇ ਸਤਾਏ ਹੋਏ ਲੋਕ ।
ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,
ਸੌਣ ਲਈ ਹੋਰ ਮਜਬੂਰ ਹੋਣਗੇ ,
ਭੁੱਖੇ ਅਤੇ ਤ੍ਰਿਹਾਏ ਲੋਕ ।
ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,
ਸੁੱਖ-ਚੈਨ , ਨੀਂਦ ਦੀ ਚਾਬੀ ,
ਸ਼ਾਹੂਕਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿੰਨਾ ਚਿਰ ਗਰੀਬਾਂ ਦੇ ਬੱਚਿਆਂ ਨੂੰ ,
ਤੱਪੜਮਾਰਕਾ ਸਕੂਲਾਂ ਵਿੱਚ ,
ਪੜ੍ਹਨਾ ਪਵੇਗਾ ਅਜੇ ਹੋਰ ।
ਕਿੰਨਾ ਕੁ ਚਿਰ ਕੁੱਟੇਗੀ ਬਿਮਾਰ ਮਾਂ ,
ਸੜਕ ਦੇ ਕੰਢੇ ਰੋੜੀ ,
‘ਤੇ ਧੁੱਪ ਵਿੱਚ ਸੜਨਾ ਪਵੇਗਾ ਹੋਰ ।
ਕਦੋ ਖ਼ਤਮ ਹੋਏਗੀ ਗ਼ਰੀਬੀ ਦੀ ਰੇਖ਼ਾ ,
ਜਿਸ ਨੂੰ ਮਿਟਾਉਣ ਦਾ ਹੱਕ ,
ਸਿਰਫ਼ ਸ਼ਰਮਾਏਦਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਆਖਿਰ ਕਿੰਨਾ ਕੁ ਚਿਰ ਵੋਟਾਂ ਬਟੋਰੂ ,
ਸਕੀਮਾਂ ਦੇ ਸਹਾਰੇ ,
ਮਰਨ ਕਿਨਾਰੇ ਪਏ ਲੋਕਾਂ ਦੇ ਸਾਹ ਚੱਲਣਗੇ ਭਲਾ ।
ਮੇਰੇ ਨੇਤਾ ਕਦੋਂ ਤੱਕ ਹੋਰ ,
ਸਰਕਾਰੀ ਡਾਕ ‘ਚ ,
ਝੂਠੇ ਵਾਅਦਿਆਂ ਦੇ ਮਨੀਆਰਡਰ ਘੱਲਣਗੇ ਭਲਾ ।
ਕਿੰਨਾ ਕੁ ਚਿਰ ਭਾਰਤ ਮਾਂ ਦੀ ਪੱਤ ਰੁਲੇਗੀ ,
ਇਸਦੇ ਆਪਣਿਆਂ ਦੇ ਹੀ ਪੈਰਾਂ ‘ਚ ,
ਜਿਸ ਚੁੰਨੀ ਦੀ ਕੰਨੀ ,
ਵਿਦੇਸ਼ੀ ਵਫ਼ਾਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਦੋਂ ਤੱਕ ਕਰਦੀ ਰਹੇਗੀ ਵਿਰਲਾਪ ਇੱਕ ਅੱਬਲਾ ,
ਜਿਸਮ ਦੇ ਭੁੱਖੇ ਸ਼ਿਕਾਰੀਆਂ ਤੋਂ,
ਖ਼ੁਦ ਨੂੰ ਬਚਾਉਣ ਦੀ ਖਾਤਿਰ ।
ਕਦੋਂ ਤੱਕ ਬੋਟੀ ਬੋਟੀ ਹੋ ਵਿਕੇਗੀ ਗ਼ਰੀਬ ਦੀ ਇੱਜ਼ਤ ,
ਅਮੀਰਾਂ ਦੀ ਹਵਸ ,
ਮਿਟਾਉਣ ਦੀ ਖ਼ਾਤਿਰ ।
ਕਦੋਂ ਤੱਕ ਮਿਲੇਗੀ , ਉਹਨਾਂ ਨੂੰ ਅਸਲੀ ਅਜ਼ਾਦੀ ,
ਜਿਹਨਾਂ ਦੀ ਦੱਬੀ ਅਵਾਜ਼ ਵਿੱਚ ,
ਹਾਲੇ ਵੀ ਗ਼ੁਲਾਮਾਂ ਤੇ ਮਰਦਾਰਾਂ ਦਾ ਬੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿਉਂ ਨਹੀਂ ਸਭਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ,
ਮੇਰੇ ਅਜ਼ਾਦ ਮੁਲਕ ਦਾ ਸੰਵਿਧਾਨ ,
‘ਤੇ ਸੰਵਿਧਾਨ ਤੋਂ ਬਣੇ ਕਾਨੂੰਨ ਭਲਾ ।
ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਤੋਂ ਮਿਲਦਾ ਛੁਟਕਾਰਾ ,
ਕਦੋਂ ਤੱਕ ਇਨਸਾਨਾਂ ਨੂੰ ਲੜਵਾਏਗਾ ,
ਧਰਮਾਂ ਦਾ ਜਨੂੰਨ ਭਲਾ ।
ਕਿੰਨੇ ਕੁ ਹੋਰ ਨਵੇਂ ਭਗਵਾਨਾਂ ਨੂੰ ,
ਭੋਲੀ ਜੰਤਾ ਤੋਂ ਪੁਜਵਾਉਣ ਦਾ ਅਧਿਕਾਰ
ਇਹਨਾਂ ਧਰਮ ਦੇ ਠੇਕੇਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕੀ ਕਹਾਂ ਮੈਂ ਜਦੋਂ ਇਹ ,
ਮੈਥੋਂ ਵਧੀਆਂ ਬੇ-ਰੁਜ਼ਗਾਰੀਆਂ ਬਾਰੇ ,
ਪੁੱਛ ਬਹਿੰਦੀ ਹੈ ਰੋਜ਼ ਰੋਜ਼ ।
ਕੀ ਕਹਾਂ ਮੈਂ ਜਦੋਂ ਇਹ ,
ਰਿਸ਼ਵਤਖੋਰ ਅਧਿਕਾਰੀਆਂ ਬਾਰੇ ,
ਪੁੱਛ ਲੈਂਦੀ ਹੈ ਰੋਜ਼ ਰੋਜ਼ ।
ਕੀ ਕਹੇਂ ” ਬਰਾੜ ‘’ ਜਦੋਂ ਇਹ ਪੁੱਛਦੀ ਹੈ ਕਿ ,
ਕੀ ਅੱਜ ਵੀ ਮੇਰਾ ਮੁਲਕ ਸੋਨੇ ਦੀ ਚਿੜੀ੍ਹ ਹੈ ,
ਜਾਂ ਪਿੰਜਰੇ ‘ਚ ਕੈਦ ਹੈ ਚਿੜੀ੍ਹਆ ,
ਜੋ ਪਿੰਜਰਾ ਮੁਲਕ ਦੇ ਗਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ