ਮੈਂ ਭਲੇ ਬੁਰੇ ਨੂੰ ਚੰਗੀ ਤਰਾਂ ਪਛਾਣਦਾ ਹਾਂ।
ਝੁਕਣਾ ਵੀ ਆਉਂਦਾ ਝੁਕਾਉਣਾ ਵੀ ਜਾਣਦਾ ਹਾਂ।
ਮੈਂ ਦੁੱਖਾਂ ਦੀ ਧੁੱਪ ਵਿਚ ਹਾਂ ਏਨਾ ਕੁ ਸੜਿਆ,
ਕਿ ਕਮਰੇ ਦੇ ਅੰਦਰ ਵੀ ਛਤਰੀ ਤਾਣਦਾ ਹਾਂ।
ਜਿੰਨਾ ਤੂੰ ਸਮਝਦੈਂ ਮੈਂ ਇੰਨਾ ਵੀ ਨਹੀਂ ਭੋਲਾ,
ਮੈਂ ਸ਼ੀਸ਼ੇ ਤੇ ਪੱਥਰ ਵਿਚ ਫਰਕ ਜਾਣਦਾ ਹਾਂ।
ਮੈਂ ਬੱਦਲਾਂ ਦੇ ਵਾਂਗੂ ਫੋਕਾ ਨਹੀਂ ਗੱਜਦਾ,
ਮੈਂ ਕਰਕੇ ਵਿਖਾਂਦਾ ਜੋ ਦਿਲ ‘ਚ ਠਾਣਦਾ ਹਾਂ।
ਅਜੇ ਨਹੀਂ ਮੌਕਾ ਆਉਣ ਤੇ ਦੱਸਾਂਗਾ ਤੈਨੂੰ,
ਮੈਂ ਤੇਰੇ ਹਰ ਸਵਾਲ ਦਾ ਜਵਾਬ ਜਾਣਦਾ ਹਾਂ।
ਉਹ ਐਸਾ ਗਵਾਚਾ ਮੁੜ ਮਿਲਿਆ ਨਾ ਮੈਨੂੰ,
ਮੈਂ ਅੱਜ ਵੀ ਉਹਨਾਂ ਗਲੀਆਂ ਦੀ ਖਾਕ ਛਾਣਦਾ ਹਾਂ।
ਨਾ ਗਰਮੀ ਨੂੰ ਕੋਸਾਂ ਨਾ ਸਰਦੀ ਨੂੰ ਨਿੰਦਾਂ,
ਮੈਂ ਕੁਦਰਤ ਦੇ ਸਾਰੇ ਹੀ ਰੰਗ ਮਾਣਦਾ ਹਾਂ