ਖੋਟਾ ਸਿੱਕਾ ਖਰੇ ਦੇ ਭਾਅ

ਕੁੱਲ ਲੋਕਾਈ ਨੂੰ ਪਤਾ ਇਸ ਗੱਲ ਦਾ।
ਉਹਦੇ ਹੁਕਮ ਵਿਚ ਸਬ ਕੁਝ ਚੱਲ ਦਾ।
ਘੜੀ ਅੱਧੀ ਘੜੀ ਦਾ ਵੀ ਨਹੀਂ ਪਤਾ,
ਇੰਤਜ਼ਾਰ ਕਿਉਂ ਕਰੇਂ ਫਿਰ ਕੱਲ ਦਾ।
ਮੰਜ਼ਲ ਦੇ ਮੈਂ ਕੋਲ ਜਾ ਕੇ ਡਿੱਗ ਪਿਆ,
ਬੜਾ ਹੀ ਅਫਸੋਸ ਹੈ ਇਸ ਗੱਲ ਦਾ।
ਮੈਂ ਅਨਾੜੀ ਸਾਂ ਨਾ ਤਰਨਾ ਜਾਣਦਾ,
ਡੋਬਣ ਦੇ ਵਿੱਚ ਦੋਸ਼ ਨਾ ਕੋਈ ਛੱਲ ਦਾ।
ਬਣਿਆ ਫਿਰੇ ਮਾਲਿਕ ਸਾਰੀ ਧਰਤ ਦਾ,
ਸਾਢੇ ਤਿੰਨ ਹੱਥ ਥਾਂ ਅੰਤ ਨੂੰ ਮੱਲ ਦਾ।
ਰੋ ਕੇ ਦੋ ਘੜੀਆਂ ਨੈਣ ਚੁੱਪ ਹੋ ਜਾਣ,
ਦਿਲ ਵਿਚਾਰਾ ਹਰਦਮ ਪੀੜਾਂ ਝੱਲ ਦਾ।
ਜੇ ਦਿਨ ਚੰਗੇ ਹੋਣ ਮੇਰੇ ਦੋਸਤੋ,
ਖੋਟਾ ਸਿੱਕਾ ਖਰੇ ਦੇ ਭਾਅ ਚੱਲ ਦਾ