ਮਤਲਬਾ ਦੀ ਨੀਂਹ ਤੇ ਉੱਸਰੇ, ਮੈਂ ਯਾਰਾਨੇ ਵੇਖ ਲਏ।
ਜਾਨੋ ਵੱਧ ਪਿਆਰੇ ਆਪਣੇ, ਹੁੰਦੇ ਬੇਗਾਨੇ ਵੇਖ ਲਏ।
ਅੱਖ ਖੁਂਲੀ ਤੇ ਛੱਡਗੇ, ਸੁਪਨੇ ‘ਚ ਜਿੰਨਾ ਬਾਂਹ ਫੜੀ,
ਸੁਪਨੇ ਤਾਂ ਸੁਪਨੇ ਦੋਸਤੋ, ਮੈਂ ਵਿਚ ਜ਼ਮਾਨੇ ਵੇਖ ਲਏ।
ਮੈਨੂੰ ਪਤਾ ਮੇਰੀ ਗੱਲ ਦਾ,ਕਰਨਾ ਨਹੀਂ ਤੁਸਾਂ ਯਕੀਨ,
ਮੈਂ ਸਂਜਨਾਂ ਦੀ ਮੌਤ ਤੇ, ਗਾਉਂਦੇ ਤਰਾਨੇ ਵੇਖ ਲਏ।
ਏਸ ਤੋਂ ਵੱਧ ਹੋਰ ਕੀ,ਦੱਸੋ ਕਰੂ ਤਰੱਕੀ ਆਦਮੀ,
ਬਿਨਾ ਕਿਸੇ ਹਥਿਆਰ ਦੇ,ਲਾਉਂਦੇ ਨਿਸ਼ਾਨੇ ਵੇਖ ਲਏ।
ਕਰਦੇ ਸੀ ਦਾਅਵੇ ਨਿੱਤ ਜੋ,ਸਿਰਾਂ ਨਾਲ ਨਿਭਾਉਣ ਦੇ,
ਮੈਨੂੰ ਫਸਾ ਕੇ ਜ਼ਾਲ ਵਿਚ, ਕਰਦੇ ਬਹਾਨੇ ਵੇਖ ਲਏ।
ਮੈਅ ਨੂੰ ਕੀ ਹੋ ਗਿਆ, ਮੈਨੂੰ ਨਹੀਂ ਹੁੰਦਾ ਨਸ਼ਾ,
ਏਧਰ ਓਧਰ ਘੁੰਮ ਕੇ, ਮੈਂ ਕਈ ਮੈਖਾਨੇ ਵੇਖ ਲਏ।
ਦੁਨੀਆ ਭਰ ਦੇ ਸਾਰੇ ਐਬ, ਮੇਰੇ ਵਿਚ ਮੌਜ਼ੂਦ ਨੇ,
ਸੋਟਾ ਪੀੜੀ ਥੱਲੇ ਫੇਰ ਕੇ, ਆਪਣੇ ਤਹਿਖਾਨੇ ਵੇਖ ਲਏ।
ਖੂਨ ਪਾਣੀ ਹੋ ਗਿਆ, ਨਾਤਾ ਨਾ ਕੋਈ ਰਹਿ ਗਿਆ,
ਪੈਸੇ ਨਾਲ ਰਿਸ਼ਤੇ ਤੋਲਦੇ,ਮੈਂ ਨਵੇਂ ਪੈਮਾਨੇ ਵੇਖ ਲਏ