ਹਾਰੀ ਸਬਰ ਦੇ ਅੱਗੇ, ਸਦਾ ਜ਼ਬਰ ਦੀ ਢਾਹਣੀ।
ਸਿੱਖੀ ਵਿਰਸੇ ਦੀ ਦੱਸਾਂ, ਕਿਹੜੀ -ਕਿਹੜੀ ਮੈਂ ਕਹਾਣੀ।।
ਲੈਕੇ ਪਾਪ ਵਾਲੀ ਜੰਝ, ਜਦੋਂ ਬਾਬਰ ਸੀ ਧਾਇਆ।
ਉਹਨੇ ਅਤਿਆਚਾਰਾਂ ਦੇ ਨਾਲ, ਦੇਸ ਸੀ ਡਰਾਇਆ।
ਸਹਿਮੀ ਪਰਜਾ ਦੇ ਵਿਚੋਂ, ਡਰ ਕੱਢਣ ਲਈ ਬਾਹਰ;
ਉਹਨੂੰ ਜੁਲਮਾ ਦਾ ਸ਼ੀਸ਼ਾ, ਗੁਰੂ ਨਾਨਕ ਦਿਖਾਇਆ।
ਰੂਹ ਨਿਤਾਣਿਆਂ ਚ ਭਰੀ, ਭਾਵੇਂ ਪੈਗੀ ਜੇਲ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।
ਡਿੱਗੇ ਦੁਖੀ ਮਜਲੂਮਾ ਨੂੰ ,ਗੁਰਾਂ ਨੇ ਗਲ ਲਾਇਆ।
ਜੀਣਾ ਅਣਖ ਦੇ ਨਾਲ, ਉਹਨਾ ਸਾਨੂੰ ਸਮਝਾਇਆ।
ਆਖ ਰਾਜਿਆਂ ਨੂੰ ਸ਼ੀਂਹ ,ਤੇ ਮੁਕੱਦਮਾ ਨੂੰ ਕੁੱਤੇ;
ਡਰੀ ਪਰਜਾ ਨੂੰ ਸੱਚ ਨਾਲ, ਖੜਨਾ ਸਿਖਾਇਆ।
ਝੁਕੇ ਧੋਣ ਨਾ ਕਦੇ ਵੀ, ਭਾਵੇਂ ਪੈ ਜਾਵੇ ਕਟਾਣੀ ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।
ਸੁਣ ਸੱਚ ਦੀ ਆਵਾਜ, ਗੁੱਸਾ ਸ਼ਾਸਕਾਂ ਨੂੰ ਆਇਆ।
ਉਹਨਾ ਪੰਜਵੇਂ ਗੁਰਾਂ ਨੂੰ ,ਤੱਤੀ ਤਵੀ ਤੇ ਬਿਠਾਇਆ।
ਸਾਰੇ ਵਰਗਾਂ ਦੇ ਭਗਤਾਂ, ਦੀ ਰਚਨਾ ਨੂੰ ਲੈਕੇ;
ਸਾਂਝੀਵਾਲਤਾ ਲਈ ਸਾਂਝਾ, ਕਹਿੰਦੇ ਗ੍ਰੰਥ ਕਿਉਂ ਬਣਾਇਆ।
ਸੇਧ ਦੇਣ ਲਈ ਸਦੀਵੀ, ਸਾਂਭ ਦਿੱਤੀ ਗੁਰਬਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।
ਛੇਵੇਂ ਗੁਰਾਂ ਨੂੰ ਹਕੂਮਤ ਸੀ, ਜੇਲ੍ਹ ਵਿੱਚ ਪਾਇਆ।
ਨੌਵੇਂ ਗੁਰਾਂ ਮਜਲੂਮਾ ਲਈ ਸੀ, ਸੀਸ ਕਟਵਾਇਆ।
ਏਥੇ ਦਸਵੇਂ ਗੁਰਾਂ ਨੇ, ਸਰਬੰਸ ਵਾਰ ਸਾਰਾ;
ਰੱਬੀ ਹੁਕਮ ਤੇ ਰਜਾ ਵਿੱਚ, ਸੀਸ ਸੀ ਨਿਵਾਇਆ।
ਹੱਕ,ਸੱਚ,ਇਨਸਾਫ ਦੀ, ਇਹ ਜੰਗ ਹੈ ਪੁਰਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।
ਕਿਸੇ ਬੰਦਗੀ ਦੇ ਲਈ, ਬੰਦ-ਬੰਦ ਕਟਵਾਇਆ।
ਕਿਸੇ ਸਿਦਕੀ ਨੇ ਆਰੇ ਨਾਲ, ਤਨ ਚਿਰਵਾਇਆ।
ਕਈਆਂ ਹਸ-ਹਸ ਚਰਖੀਆਂ, ਤੇ ਚੜ੍ਹ ਜਾਨ ਦਿੱਤੀ;
ਕਿਸੇ ਕੇਸਾਂ ਨੂੰ ਬਚਾਉਣ ਲਈ, ਸੀ ਖੋਪਰ ਲੁਹਾਇਆ।
ਇਹਨੂੰ ਸਕਿਆ ਡੁਲਾ ਨਾ, ਨਾਲ ਉਬਲਦਾ ਪਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਬੰਦਾ ਨੋਚਿਆ ਜਮੂਰਾਂ, ਪਿੱਛੋਂ ਆਈ ਖੂੰਨੀ ਨ੍ਹੇਰੀ।
ਮੁੱਲ ਸਿਰਾਂ ਦੇ ਸੀ ਪਾਏ, ਹੋਈ ਅੱਤ ਸੀ ਵਧੇਰੀ।
ਭਾਵੇਂ ਜੰਗਲ ਲੱਖੀ ਦਾ , ਭਾਵੇਂ ਕੁੱਪ ਦਾ ਇਲਾਕਾ;
‘ਕੱਠੇ ਹੋਕੇ ਜਲਾਦਾਂ, ਕੌਮ ਕਈ ਵਾਰ ਘੇਰੀ।
ਤਾਂ ਵੀ ਸਕੇ ਨਾ ਮੁਕਾ, ਭਾਵੇਂ ਨੀਤੀ ਏਹੋ ਠਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਸੱਚ ਧਰਮ ਦੀ ਲੜਾਈ, ਜਾਂ ਸੀ ਦੇਸ ਦੀ ਅਜਾਦੀ।
ਏਸੇ ਕੌਮ ਨੇ ਹੈ ਝੱਲੀ ,ਹੱਦੋਂ ਵੱਧ ਬਰਬਾਦੀ।
ਕਿਤੇ ਜੰਡਾਂ ਹੇਠ ਸਾੜੇ,ਕਿਤੇ ਗੱਡੀ ਨਾ’ ਲਿਤਾੜੇ;
ਤਾਂ ਵੀ ਇਹਨਾਂ ਨੇ ਸੀ ਰੱਖੀ ,ਸਦਾ ਸੋਚ ਇੰਕਲਾਬੀ।
ਹੁੰਦੀ ਏਹਨਾ ਨਾਲ ਆਈ ਏ ਸਦਾ ਹੀ ਵੰਡ ਕਾਣੀ
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਇਹਦੀ ਕੁਰਬਾਨੀਆਂ ਦਾ ,ਸੀ ਅਜਿਹਾ ਮੁੱਲ ਪਾਇਆ।
ਇਹਦਾ ਵਿਸ਼ਵਾਸ ਟੈਂਕਾਂ ਨਾਲ, ਗਿਆ ਸੀ ਉਡਾਇਆ।
ਬੰਬਾਂ ਗੋਲੀਆਂ ਦੇ ਨਾਲ ਸੀ, ਹਜਾਰਾਂ ਲੋਕ ਮਾਰੇ;
ਬਾਕੀ ਘਰੋ-ਘਰੀ ਜਾਕੇ ,ਕੀਤਾ ਗਿਆ ਸੀ ਸਫਾਇਆ।
ਹੁੰਦਾ ਸੱਚ ਨਾਲ ਧੋਖਾ, ਨਾ ਇਹ ਗੱਲ ਅਣਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ- ਕਿਹੜੀ ਮੈਂ ਕਹਾਣੀ।।
ਜਦੋਂ ਜਦੋਂ ਵੀ ਇਹਨਾ ਨੇ ,ਹੱਕ ਆਪਣੇ ਨੇ ਮੰਗੇ।
ਕੁਝ ਜੇਲੀਂ ਸੁੱਟ ਦਿੱਤੇ, ਕੁਝ ਫਾਂਸੀਆਂ ਤੇ ਟੰਗੇ।
ਘਰ ਘਾਟ ਵੀ ਉਜਾੜੇ ,ਗਲੀਂ ਟਾਇਰ ਪਾਕੇ ਸਾੜੇ;
ਅਹਿਸਾਨ ਫਰਾਮੋਸ਼, ਪਾਪੋਂ ਜਰਾ ਵੀ ਨਾ ਸੰਗੇ।
ਇਹਨਾ ਮੰਨ ਲਿਆ ਭਾਣਾ, ਇਹ ਭੀ ਰੱਬੀ ਰਜਾ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।