ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ
ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ
ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ
ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ
ਹਾਸਿਲ ਕਰੀਏ ਗਿਆਨ ਕੋਈ ਸੀਮਾ ਨਹੀਂ
ਚਾਨਣ ਵੰਡਣ ਵਾਲੇ ਕਦੇ ਵੀ ਨੰਗ ਨਹੀਂ ਹੁੰਦੇ
ਆਪਣਿਆਂ ਦਾ ਮੋਹ ਹੀ ਸਦਾ ਸਤਾਉਂਦਾ ਹੈ
ਪੰਛੀ ਤੇ ਪ੍ਰਦੇਸੀ ਤਾਹੀਓਂ ਤੰਗ ਨਹੀਂ ਹੁੰਦੇ
ਵਿਰਲਾ ਕੋਈ ਤਾਜ ਪਹਿਨਦਾ ਕੰਡਿਆਂ ਦਾ
ਐਰੇ ਗੈਰੇ ਬੰਦੇ ਤਾਂ ਸੂਲੀ ਟੰਗ ਨਹੀਂ ਹੁੰਦੇ
ਸਭ ਦੀ ਵੱਖਰੀ ਤੋਰ ਨਿਰਾਲਾ ਜੀਵਨ ਹੈ
ਇਕੋ ਵਰਗੇ ਸਭ ਲੋਕਾਂ ਦੇ ਢੰਗ ਨਹੀਂ ਹੁੰਦੇ
ਦੁਨੀਆਂ ਦੀ ਇਹ ਮੰਡੀ ਨਿਰਾ ਬਰੂਦ ਜਿਹਾ
ਉਸ ਧਰਤੀ ਤੇ ਚੱਲੀਏ ਜਿਥੇ ਜੰਗ ਨਹੀਂ ਹੁੰਦੇ