ਜਦੋਂ ਤੱਕ

ਜਦੋਂ ਤੱਕ ਹੱਥਾਂ ਨਾਲ ਹੱਥ ਨਹੀਂ ਮਿਲਣੇ
ਉਦੋਂ ਤੱਕ ਦੋਸਤੋਂ ਹੱਕ ਨਹੀਂ ਮਿਲਣੇ
ਭੁੱਲ ਜਾਵੋ ਭੇਦ ਭਾਵ ਤੇ ਜਾਤ ਪਾਤ ਨੂੰ
ਵੱਢ ਛੁੱਟੋ ਊਚ ਨੀਚ ਤੇ ਛੂਤਛਾਤ ਨੂੰ
ਜਦੋਂ ਤੱਕ ਦਿਲਾਂ ਨਾਲ ਦਿਲ ਨਹੀਂ ਮਿਲਣੇ
ਉਦੋਂ ਤੱਕ ਦੋਸਤੋ ਪਿਆਰ ਨਹੀਂ ਖਿਲਣੇ
ਲੁਹਾਰ ਦਾ ਹਥੌੜਾ ਜਦੋਂ ਹਿੰਮਤ ਬਣ ਜਾਵੇਗਾ
ਮਜ਼ਦੂਰ ਦੀ ਦਾਤੀ ਨਾਲ ਨਵਾਂ ਰੰਗ ਆਵੇਗਾ
ਜਦੋਂ ਤੱਕ ਸਾਰੇ ਕਾਸ਼ਤਕਾਰ ਨਹੀਂ ਮਿਲਣੇ
ਜਿੱਤ ਦੇ ਦੋਸਤੋ ਆਸਾਰ ਨਹੀਂ ਮਿਲਣੇ
ਮੰਨੂਵਾਦੀ ਸੋਚ ਨੂੰ ਝੰਜੋੜਣਾ ਪੈਣਾ ਏ
ਸ਼ਹੀਦਾ ਕਰਜ਼ਾ ਵੀ ਮੋੜਣਾ ਪੈਣਾ ਏ
ਜਦੋਂ ਤੱਕ ਸਾਡੇ ਸੰਸਕਾਰ ਨਹੀਂ ਮਿਲਣੇ
ਉਦੋਂ ਤੱਕ ਦੋਸਤੋ ਪਰਿਵਾਰ ਨਹੀਂ ਮਿਲਣੇ
ਨਫ਼ਰਤ ਦੇ ਰੰਗ ਵਿੱਚ ਰਹਿਣਾ ਜੇ ਚਾਹੁੰਦੇ ਹੋ
ਸੰਤਾਲੀ, ਚੁਰਾਸੀ ਨੂੰ ਦੁਹਰਾਉਣਾ ਜੇ ਚਾਹੁੰਦੇ ਹੋ
ਤਾਂ ਸਾਡੇ ਵਰਗੇ ਮੂਰਖ ਗਵਾਰ ਨਹੀਂ ਮਿਲਣੇ
ਸਰਹੱਦਾਂ ਤੇ ਦੋਸਤੋ ਪਿਆਰ ਨਹੀਂ ਖਿਲਣੇ
ਖੇਤ ਨੂੰ ਜਦ ਕਦੇ ਵਾੜ ਆਪ ਹੀ ਖਾਵੇ
ਮਾਲਕ ਤੋਂ ਜਦ ਨਾ ਕੁਝ ਸਾਂਭਿਆ ਜਾਵੇ
ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਣੇ
ਔਖੇ ਵੇਲੇ ਦੋਸਤੋਂ ਹਥਿਆਰ ਨਹੀਂ ਮਿਲਣੇ
ਸੋਚੋਂ ਲੋਕੋਂ ਵੇ ਸੋਚੋਂ ਚੁਫ਼ੇਰੇ ਨੂੰ ਦੇਖੋ
ਚਾਨਣ ਚ’ ਰਹਿ ਕੇ ਵੀ ਹਨੇਰੇ ਨੂੰ ਦੇਖੋ
ਧਰਮਾਂ ਦੇ ਆਪਸੀ ਵਿਚਾਰ ਨਹੀਂ ਮਿਲਣੇ
ਵਿਛੜ ਕੇ ‘ਦਿਲਾ’ ਕਦੇ ਯਾਰ ਨਹੀਂ ਮਿਲਣੇ
ਜਦੋਂ ਤੱਕ ਹੱਥਾਂ ਨਾਲ ਹੱਥ ਨਹੀਂ ਮਿਲਣੇ
ਉਦੋਂ ਤੱਕ ਦੋਸਤੋਂ ਹੱਕ ਨਹੀਂ ਮਿਲਣੇ