ਦੇਗਾਂ ਦੇ ਵਿਚ ਸੱਚ ਉਬਾਲੇ ਜਾਂਦੇ ਨੇ।
ਚਾਨਣ ਦੇ ਵਿਚ ਦੀਪਕ ਬਾਲੇ ਜਾਂਦੇ ਨੇ।
ਉਗਣਾ ਨਹੀਂ ਹੈ ਉੱਥੇ ਬੀਜ ਮੁਹੱਬਤ ਦਾ,
ਜੇਸ ਜਗ੍ਹਾ ‘ਤੇ ਸਿੱਕੇ ਢਾਲੇ ਜਾਂਦੇ ਨੇ।
ਕੈਸੀ ਦੁਨਅੀਦਾਰੀ ਜਿੱਥੇ ਲਾ ਕੇ ਵੀ,
ਇਕ ਦੂਜੇ ਦੇ ਐਬ ਉਛਾਲੇ ਜਾਂਦੇ ਨੇ।
ਆਪਣੇਪਣ ਦੀ ਇਹ ਬੁੱਕਲ ਵੀ ਕੈਸੀ ਹੈ,
ਜਿਸ ਦੇ ਵਿਚ ਹੁਣ ਨਾਗ ਹੀ ਪਾਲੇ ਜਾਂਦੇ ਨੇ।
ਕਿੰਨੇ ਲੰਬੇ ਹੱਥ ਨੇ ਏਸ ਹਨ੍ਹੇਰੇ ਦੇ,
ਕਿੰਨੇ ਚਾਨਣ ਰੋਜ਼ ਉਧਾਲੇ ਜਾਂਦੇ ਨੇ।
ਕਿੱਡਾ ਵੱਡਾ ਜਿਗਰਾ ਦਿੱਤਾ ਬੰਦੇ ਨੂੰ,
ਕਿੰਨੇ ਦੁਖੜੇ ਇਸ ਵਿਚ ਪਾਲੇ ਜਾਂਦੇ ਨੇ।
ਮੋਇਆਂ ਨੂੰ ਨਹੀਂ ਜੁੜਨਾ ਬਾਲਣ ਏਸ ਲਈ,
ਜਿਊਂਦੇ ਜੀ ਹੀ ਬੰਦੇ ਜਾਲੇ ਜਾਂਦੇ ਨੇ