ਅਜੇ ਵੀ ਵਕਤ ਹੈ ਬਾਕੀ, ਵਕਤ ਬਰਬਾਦ ਨਾ ਕਰੀਏ
ਪਿੱਛੇ ਜੋ ਹੋ ਗਿਆ ਛੱਡ ਕੇ, ਨਵਾਂ ਪੱਬ ਸੋਚ ਕੇ ਧਰੀਏ
ਪਰਾਏ ਮੁਲਕ ਵਰਗਾ ਵੇਸ ਪਾ ਲੈਣਾ ਨਹੀਂ ਮੁਸ਼ਕਿਲ
ਮਗਰ ਰਹਿਤਲ ਨੂੰ ਅਪਣੀ, ਸੁਰਤ ਅੰਦਰ ਕਿਸਤਰ੍ਹਾਂ ਭਰੀਏ
ਅਸੀਂ ਐਸੇ ਪਖੇਰੂ ਹਾਂ, ਉਡਾਰੀ ਦੂਰ ਦੀ ਲਾਈ
ਨਵਾਂ ਨਹੀਂ ਆਲ੍ਹਣਾ ਬਣਿਆ ਪਿਛਾਂਹ ਵੀ ਜਾਣ ਤੋਂ ਡਰੀਏ
ਅਸੀਂ ਜੋ ਸੁਪਨਿਆਂ ਵਿਚ ਸਿਰਜਿਆ ਸੀ ਉਹ ਨਹੀਂ ਮਿਲਿਆ
ਭਟਕਦੇ ਆਦਮੀ ਦੀ ਪੈੜ ਨੂੰ ਹੀ ਖਾਹ-ਮਖਾਹ ਫੜੀਏ
ਅਸੀਂ ਪੰਜਾਬ ਤੋਂ ਬਾਹਰ, ਗਏ ਮਹਾਂ ਪੰਜਾਬੀ ਹਾਂ
ਵਤਨ ਦੀ ਆਬਰੂ ਖ਼ਾਤਿਰ, ਤਲੀ ‘ਤੇ ਸੀਸ ਫਿਰ ਧਰੀਏ
ਗ਼ੁਲਾਮੀ ਦੇ ਸਮੇਂ ਵਿਚ ਬਾਬਿਆਂ ਨੇ ਜ਼ਿੰਦਗੀ ਵਾਰੀ
ਉਨ੍ਹਾਂ ਤੋਂ ਹੌਸਲਾ ਲੈ ਜ਼ਿੰਦਗ਼ੀ ਨੂੰ ਜੀਣ ਵਿਚ ਕਰੀਏ
ਪਰਾਏ ਮੁਲਕ ਅੰਦਰ ਜੇ, ਖ਼ਾਮੋਸ਼ੀ ਮਾਰ ਬੈਠਾਂਗੇ
ਵਕਤ ਉਹ ਦੂਰ ਨਾ ਮੁੜਕੇ, ਗ਼ੁਲਾਮੀ ਜਾਲ ਵਿਚ ਘਿਰੀਏ
ਜ਼ਮਾਨਾ ਠੋਕਰਾਂ ਮਾਰੇ ਜਦੋਂ, ਬੇ ਘਰ ਕੋਈ ਹੋਵੇ
ਘਰੀਂ ਸਤਿਕਾਰ ਹੋਵੇ ਤਾਂ, ਜਗਤ ਵਿਚ ਫੁੱਲ ਬਣ ਖਿੜੀਏ