ਹਾਕ ਤੇਰੀ ਦੂਰ ਤੋਂ ਆਉਂਦੀ ਰਹੀ
ਕਫ਼ਨ ਅੰਦਰ ਜਾਨ ਇਹ ਪਾਉਂਦੀ ਰਹੀ
ਕੈਸੀ ਖ਼ੁਸ਼ਬੂ ਹੈ ਵਚਿੱਤ੍ਰ ਪਿਆਰ ਦੀ
ਥਲ ਸਮੁੰਦਰ ਚੀਰ ਕੇ ਆਉਂਦੀ ਰਹੀ
ਜਦ ਕਲਾ ਦੀ ਵਾਟ ‘ਤੇ ਤੂੰ ਤੁਰ ਗਿਓਂ
ਖੇਡ, ਖ਼ਲਕਤ, ਮਹਿਕ ਨ ਭਾਉਂਦੀ ਰਹੀ
ਬਹੁਤ ਮੁਸ਼ਕਿਲ ਲੱਭਣੇ ਦਰਵੇਸ਼ ਹੁਣ
ਆਦਮੀ ਦੀ ਭਾਲ ਤੜਫਾਉਂਦੀ ਰਹੀ
ਰਾਹ ਤੇਰਾ ਮੇਰਾ ਸੀ ਭਾਵੇਂ ਵੱਖਰਾ
ਪਰ ਦਿਲਾਂ ਦੀ ਖਿੱਚ ਧੂਹ ਪਾਉਂਦੀ ਰਹੀ
ਬੋਹੜ ਪਿੱਪਲ ਹੋ ਗਏ ਗਹਿਰੇ ਉਦਾਸ
ਸ਼ਹਿਰ ਦੀ ਹਰ ਸ਼ਾਖ਼ ਮੁਸਕਾਉਂਦੀ ਰਹੀ