ਬੇਵੱਸ ਗਰੀਬ ਕਹੇ ਭੁੱਖ –ਨੰਗ ਬੇਕਾਰੀ ਕੀ ਐ ।
ਅੱਜ ਖੜ੍ਹੀ ਮਰਦ ਬਰੋਬਰ ਤੱਕ ਨਾਰੀ ਕੀ ਐ ।
ਆਜ਼ਾਦ ਪਰਿੰਦਿਆ! ਮੁੱਲ ਆਜ਼ਾਦੀ ਦਾ ਨਾ ਜਾਣੇ,
ਪਿੰਜਰੇ ਪਈਆਂ ਚਿੱੜੀਆਂ ਨੂੰ ਪੁੱਛ ਉਡਾਰੀ ਕੀ ਐ ।
ਜੇ ਸਾਥ ਨਹੀ ਤੇਰਾ ਮੰਜਿ਼ਲ ਤਾਂ ਸਰ ਹੋ ਜਾਣੀ ,
ਟੱਕਰੇ ਤਾਂ ਪੁੱਛਾਂਗੀ ਦੱਸ ਵਫ਼ਾਦਾਰੀ ਕੀ ਐ ।
ਜਿਸਮ ਵਿਕੇ ਦਿਨ-ਰਾਤ ਕਿਸੇ ਦਾ ਕੁਝ ਛਿੱਲੜਾਂ ਖਾਤਰ,
ਬੱਚਿਆਂ ਦੀ ਵਿਧਵਾ ਮਾਂ ਦੱਸੂ ਲਾਚਾਰੀ ਕੀ ਐ ।
ਕੌੜੇ ਬੋਲਾਂ ਦੇ ਤਿੱਖੇ ਫੱਟ ਸੀਨੇ ਜਿਸ ਲੱਗੇ ,
ਉਹ ਦੱਸੂਗਾ ਤਲਵਾਰੋਂ ਤੇਜ਼ ਕਟਾਰੀ ਕੀ ਐ ।
ਟੀ.ਵੀ. ਅਖ਼ਬਾਰਾਂ ਤੇ ਕੀ ਦੇਖੇਂ ਤੂਫਾਨ ਹੜ੍ਹਾਂ ਨੂੰ ,
ਆ ਉੱਜੜੀਆਂ ਥਾਂਵਾਂ ਤੇ ਵੇਖ ਮਹਾਂਮਾਰੀ ਕੀ ਐ ।
ਦੋਸਤ ਜਿਹੜੇ ਦੇਖ ਮੁਸੀਬਤ ਚੜ੍ਹਦੇ ਰੁੱਖਾਂ ਤੇ,
ਕੀ ਆਸ ਉਹਨਾਂ ਤੋਂ ਜੋ ਨਾ ਜਾਣਨ ਯਾਰੀ ਕੀ ਐ