ਹਸਰਤ ਸੀ ਫ਼ੁੱਲ ਬਣਨ ਦੀ,ਰੱਬ ਭੁਲੇਖਾ ਖਾ ਗਿਆ।
ਉਸੇ ਹੀ ਟਹਿਣੀ ‘ਤੇ ਮੈਨੂੰ,ਕੰਡੇ ਦੀ ਜੂਨੇ ਪਾ ਗਿਆ।
ਨਾ ਭੌਰਾ ਨਾ ਕੋਈ ਤਿੱਤਲੀ ਕਦੇ ਮੇਰੇ ਉੱਤੇ ਬੈਠਦੀ,
ਰੱਬ ਖੌਰੇ ਕਿਸ ਜਨਮ ਦਾ ਮੇਰੇ ਨਾ ਵੈਰ ਪੁਗਾ ਗਿਆ।
ਫ਼ੁੱਲ ਸੁੰਘਦੇ ਫ਼ੁੱਲ ਚੁੰਮਦੇ ਤੇ ਹੱਥਾਂ ਨਾਲ ਪਿਆਰਦੇ,
ਮੇਰੇ ਤੋਂ ਸਾਰੇ ਬਚਦੇ ਮੈਨੂੰ ਕੈਸੀ ਚੀਜ਼ ਬਣਾ ਗਿਆ।
ਜੇਕਰ ਮੈਂ ਤਿੱਖੀ ਸੂਲ ਹਾਂ,ਇਹਦੇ ‘ਚ ਮੇਰਾ ਦੋਸ਼ ਕੀ,
ਫ਼ੁੱਲਾਂ ਦੀ ਰਾਖੀ ਕਰਨ ਨੂੰ ਰੱਬ ਪਹਿਰੇਦਾਰ ਬਿਠਾ ਗਿਆ।
ਅਸੀਂ ਛੋਟੇ-ਵੱਡੇ ਸਾਰੇ ਹੀ ਇੱਕੋ ਜਿਹਾ ਡੰਗ ਮਾਰਦੇ,
ਖੋਰੇ ਕੌਣ ਸਾਨੂੰ ਜੰਮਦਿਆ ਚੁੱਭਣ ਦੇ ਗੁਰ ਸਿਖਾ ਗਿਆ।
ਮੈਂ ਟਹਿਣੀ ‘ਤੇ ਲਟਕਦਾ,ਫ਼ੁੱਲ ਟੁੱਟ ਕੇ ਭੁੰਜੇ ਤੜਫਦਾ,
ਅੱਜ ਪੈਰੀਂ ਡਿੱਗਾ ਵੇਖ ਕੇ,ਮੈਨੂੰ ਤਰਸ ਜਿਹਾ ਆ ਗਿਆ।
ਅਹਿਸਾਨ ਮੰਦ ਹਾਂ ਓਸ ਦਾ ‘ਤੇ ਤਹਿ ਦਿਲੋਂ ਮਸ਼ਕੂਰ ਹਾਂ,
ਫ਼ੁੱਲ ਵੇਖਣ ਆਇਆ ਜੇ ਕੋਈ ਮੇਰੇ ਤੇ ਨਜ਼ਰ ਘੁਮਾ ਗਿਆ