ਸਮੇਂ ਨੇ ਕੈਸਾ ਰੰਗ ਵਟਾਇਆ।
ਬੰਦੇ ਦਾ ਬੰਦਾ ਤ੍ਰਿਹਾਇਆ।
ਜ਼ਖਮੀ ਤਿੱਤਲੀ ਟੁੱਟੇ ਫੁੱਲਾਂ,
ਮਾਲੀ ਨੂੰ ਦੋਸ਼ੀ ਠਹਿਰਾਇਆ।
ਜਾਗੋ,ਕਿੱਕਲੀ,ਗਿੱਧੇ ਤਾਂਈ,
ਕੁੱਖ ਦੇ ਅੰਦਰ ਮਾਰ ਮੁਕਾਇਆ।
ਸਾਧਾਂ ਨੇ ਡੇਰੇ ਦੇ ਬੂਹੇ,
ਚੋਰ ਨੂੰ ਪਹਿਰੇਦਾਰ ਬਿਠਾਇਆ।
ਭਾਗੋ ਵਰਗੇ ਕੰਮ ਇਹਨਾਂ ਦੇ,
ਲ਼ਾਲੋ ਵਰਗਾ ਚੋਲਾ ਪਾਇਆ।
ਧਰਮੀ ਰਹਿ ਗਿਆ ਅੱਧਾ-ਪੌਣਾ,
ਪਾਪੀ ਹੋਇਆ ਦੂਣ ਸਵਾਇਆ।
ਭਲੇ ਬੁਰੇ ਦੀ ਪਰਖ ਨ ਕੋਈ,
ਚਿਹਰੇ ਉੱਤੇ ਚਿਹਰਾ ਲਾਇਆ।
ਛੱਡ ‘ਬਰਾੜ’ ਤੂੰ ਟੈਨਸ਼ਨ ਲੈਣੀ,
ਦੁਨੀਆ ਦਾ ਕਿਸੇ ਭੇਦ ਨ ਪਾਇਆ