ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ
ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਨਾ ਲੈਂਦਾ
ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ
ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ
ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ
ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ
ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ
ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ
ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ