ਮਸਤੀ ਦਾ ਸਾਜ ਅੰਦਰੇ ਹੀ ਵਜਾ ਲਿਆ ਕਰ।
ਦਰਦ ਦਾ ਗ਼ੀਤ ਵੀ ਕਦੇ ਗੁਣਗੁਣਾ ਲਿਆ ਕਰ।
ਪਾਣੀ ‘ਚੋਂ ਅਤਰ ਦੀ ਸੁਗੰਧੀ ਹੈ ਉਂਡਦੀ ਪਈ,
ਆਂਸੂਆਂ ਦੀ ਬਰਸਾਤ ‘ਚ ਵੀ ਨਹਾ ਲਿਆ ਕਰ।
ਆਦਤ ਬਣ ਗਈ ਹੈ ਤੈਨੂੰ ਮੌਤ ਤੋਂ ਡਰਨ ਦੀ,
ਕਦੇ ਕਦੇ ਮੌਤ ‘ਤੇ ਵੀ ਮੁਸਕਰਾ ਲਿਆ ਕਰ।
ਖੋਹ ਲਿਆ, ਭਰ ਲਿਆ ਸਦਾ ਘਰ ਅਪਣਾ,
ਅੱਧੀ ‘ਚੋਂ ਅੱਧੀ ਵੰਡ ਕੇ ਵੀ ਖਾ ਲਿਆ ਕਰ।
ਹਨੇਰੇ ‘ਚ ਭਟਕਦਾ ਟੱਕਰਾਂ ਪਿਆ ਤੂੰ ਮਾਰਦਾ,
ਸੁਰਮਾ ਗਿਆਨ ਦਾ ਨੈਣਾਂ ‘ਚ ਪਾ ਲਿਆ ਕਰ।
ਢਾਈ ਅੱਖਰ ਮਿਲ ਗਏ ‘ਪ੍ਰੇਮ’ ਸਾਥੀ ਹੋ ਗਿਆ,
ਇਹ ਨੁਖ਼ਸਾ ਵੀ ਕਦੇ ਕਦੇ ਅਜ਼ਮਾ ਲਿਆ ਕਰ।