ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ ਵਾਲੀ
ਨਗਰੀ ਵਿੱਚ ਹਨੇਰੇ, ਕੁੱਝ ਨਹੀਂ ਪੈਣਾ ਪੱਲੇ ਤੇਰੇ
ਇਸ ਨਗਰੀ ਸੱਜਣ ਘੱਟ, ਠੱਗ ਚੋਰ ਵਧੇਰੇ
ਗੋਰੇ ਜਿਸਮ ਮਿੱਠੀ ਬੋਲੀ ਯਾਰ ਨਕਾਬੀ ਚਿਹਰੇ
ਲੁੱਟ ਲੈਂਦੇ ਸਭ ਕੁੱਝ ਆਕੇ ਸਾਹਾਂ ਤੋਂ ਵੱਧ ਨੇੜੇ
ਰੁੱਲਦਾ ਚਾਕ ਨਿਮਾਣਾ ਯਾਰੋ ਹੀਰ ਵੱਸੇ ਜਦ ਖੇੜੇ
ਮਾਰੂਥਲ ਸੜ੍ਹਦੀ ਸੱਸੀ ਯਾਰ ਨਾ ਦਿਸੇ ਨੇੜੇ ਤੇੜੇ
ਪਹਿਲਾਂ ਮਹਿਬੂਬ ਦੇ ਨਖ਼ਰੇ ਫਿਰ ਸੱਜਣਾ ਲਾਰੇ
ਟੁੱਟੀ ਤੇ ਗਿਣੇ ਪੈਂਦੇ ਬਹਿ ਰਾਤੀਂ ਅੰਬਰੀਂ ਤਾਰੇ
ਗਮ ਦੇਕੇ ਤੁਰ ਜਾਂਦੇ ਖੁਸ਼ੀਆਂ ਦੇ ਵਣਜਾਰੇ
ਬਣ ਸੂਲਾਂ ਚੁੰਭਦੇ ਮਹਿਬੂਬ ਨਾਲ ਵਕਤ ਗੁਜਾਰੇ
ਮਰ ਮਰ ਜੀਣ ਲਈ ਪੀਣੇ ਪੈਂਦੇ ਹੰਝੂ ਖਾਰੇ
ਜਾਨ ਦੇ ਦੁਸ਼ਮਣ ਹੁੰਦੇ ਜਾਨ ਤੋਂ ਪਿਆਰੇ