ਤੁਰ ਗਏ ਹੋ ਰੁੱਸ ਕੇ ਸਾਥੋਂ, ਵਿਹੁ ਕਿਉਂ ਏਦਾਂ ਘੋਲ ਕੇ ?
ਉਂਡ ਗਿਆ ਜਿਉਂ ਸੁਭਾ ਸਵੇਰੇ, ਕਾਂ ਇੱਕ ਕੋਠੇ ਬੋਲ ਕੇ।
ਤਰਸ ਰਹੇ ਨੇ ਨੈਣ ਅਸਾਡੇ, ਫਿਰ ਦੀਦਾਰ ਤੁਹਾਡੇ ਨੂੰ ,
ਦੱਸ ਸਕੇ ਨਾ ਹਾਲ ਤੁਹਾਨੂੰ , ਦਿੱਲ ਅਪਣੇ ਦਾ ਖੋਲ੍ਹ ਕੇ।
ਹਉਕਿਆਂ ਦੀ ਇੱਕ ਮੁੱਠੀ ਭਰ ਕੇ, ਸਾਡੀ ਝੋਲੀ ਪਾ ਦਿੱਤੀ,
ਬਿਨਾਂ ਤੋਲਿਆਂ ਗ਼ਮ ਵੀ ਦਿੱਤਾ, ਦਿੱਤਾ ਤੁਸੀਂ ਨਾ ਤੋਲ ਕੇ।
ਖੌਰੇ ਮਜ਼ਾ ਕੀ ਆਵੇ ਏਦਾਂ, ਹੁਸਨ ਦੀਆਂ ਤਸਵੀਰਾਂ ਨੂੰ ?
ਰਾਂਝੇ ਵਰਗੇ ਜਿਨ੍ਹਾਂ ਮਾਰ ਤੇ , ਦਰ-ਬ-ਦਰ ਸੀ ਰੋਲ ਕੇ।
ਫਿਰ ਮਿਲਣ ਨੂੰ ਕਿਉਂ ਪਿਆ ਤੜਪੇ,ਦਿੱਲ ਮੇਰਾ ਵੀ ਝੱਲਾ ਏ,
ਕਿੰਝ ਲੈ ਆਵਾਂ ਬੇਕਿਰਕ ਸੱਜਣ ਨੂੰ, ਫੇਰ ਦੁਬਾਰਾ ਟੋਲ ਕੇ ?
ਇਸ਼ਕ ਦੀ ਬਾਜੀ ਰਾਹ ਕੇ ਜਿੱਤਣਾ,ਮਜ਼ਾ ਇਸੇ ਵਿੱਚ ਖੇਡਣ ਦਾ ,
ਹਾਰਨ ਲਈ ਮੈਂ ਅਪਣੇ ਪੱਤੇ ਆਪ ਦਿਖਾਏ ਖੋਲ੍ਹ ਕੇ।
ਦਿੱਲ ਜੋ ਸਾਡਾ ਅਪਣਾ ਹੈ ਸੀ, ਪਹਿਲਾਂ ਹੀ ਤੈਨੂੰ ਦੇ ਬੈਠੇ,
ਅੱਜ ਕੀ ਇੱਥੋਂ ਪਏ ਹੋ ਟੋਲਦੇ, ਹੱਡ ਨਿਮਾਣੇਂ ਫੋਲ ਕੇ ?
ਛੱਡ ਮਖ਼ਮਲਾਂ ‘ਤੀਰ’ ਇਹ ਕਮਲਾ, ਲੇਟ ਗਿਆ ਹੈ ਕੰਡਿਆਂ ਤੇ,
ਚੁੱਪਕਰ ਗ਼ਮ ਨੂੰ ਅੰਦਰੇ ਸਹਿ ਲੈ, ਨਸ਼ਰ ਨਾ ਹੋਵੀਂ ਡੋਲਕੇ