ਕਿੰਨਾਂ ਚਿਰ ਕੋਈ ਉਂਡ ਸਕੇਗਾ ਲੈ ਕੇ ਖੰਭ ਉਧਾਰੇ।
ਆਪਣੀਆਂ ਬਾਹਾਂ ਰਹੀਆਂ ਲਾਉਂਦੀਆਂ, ਡੁੱਬਦੇ ਪਾਰ ਕਿਨਾਰੇ।
ਕਿਸਮਤ ਕਿਸਮਤ ਕਹਿ ਕੇ ਮੂਰਖ ਰਹਿੰਦੇ ਭਰਦੇ ਆਹਾਂ,
ਹਿੰਮਤ ਵਾਲੇ ਬਲ ਬਾਹਾਂ ਦੇ ਤੋੜ ਲਿਆਉਂਦੇ ਤਾਰੇ।
ਮੂਰਖ ਨਾਲ ਨਾ ਪਾਓ ਭਿਆਲੀ, ਸੌਦਾ ਘਾਟੇਵੰਦਾ,
ਭਰੀ ਬੇੜੀ ਨੂੰ ਲੈ ਬਹਿੰਦੇ ਨੇ, ਡੋਬ ਦਿੰਦੇ ਨੇ ਸਾਰੇ।
ਕੀ ਹੋਇਆ ਜੇ ਭੁੱਲ ਗਿਆ ਸੱਜਣ, ਸੀ ਜੋ ਮੀਤ ਅਸਾਡਾ,
ਅੱਜ ਵੀ ਦਿਨ ਉਹ ਯਾਦ ਨੇ ਆਉਂਦੇ, ਉਸ ਦੇ ਨਾਲ ਗੁਜਾਰੇ।
ਫੁੱਲਾਂ ਦੀ ਖੁਸ਼ਬੋਈ ਵਰਗੀ ਮਹਿਕ ਸੱਜਣ ਦੀ ਆਵੇ,
ਸੁੱਕਾ ਚਮਨ ਮਹਿਕਦਾ ਜਾਪੇ, ਲੱਗਦੇ ਖ਼ਾਰ ਪਿਆਰੇ।
ਮਜਨੂੰ ਨੂੰ ਕੋਈ ਕਹਿ ਸੀ ਬੈਠਾ ਲੈਲਾ ਤੇਰੀ ਕਾਲੀ,
ਹੱਸ ਬੋਲਿਆ ਕੈਸ ਓਸ ਨੂੰ, ਤੇਰੇ ਨੈਣ ਨਾ ਵੇਖਣ ਵਾਲੇ।
ਕੰਨ ਪੜਵਾਏ ਮੱਝਾਂ ਚਾਰੀਆਂ, ਹੀਰ ਹੱਥ ਨਾ ਆਈ,
ਗਲ ਅਲਫੀ ਤੇ ਮੋਢੇ ਭੂਰਾ, ਇਹ ਇਸ਼ਕ ਦੇ ਕਾਰੇ।
ਸੀਨੇ ਜ਼ਖ਼ਮ ‘ਤੀਰ’ ਜੋ ਦਿੱਤਾ, ਰਿਸਦਾ ਰਹਿੰਦਾ ਹਰਦਮ,
ਕੋਈ ਮਹਿਰਮ ਨਾ ਲੱਭਾ ਉਸ ਨੂੰ, ਜੋ ਵਿਗੜੀ ਬਾਤ ਸਵਾਰੇ।