ਫ਼ਰਿਆਦ ਕਿਸੇ ਦੀ ਸੁਣਦਾ ਹੈ ਕੌਣ ਅੱਜ ਕੱਲ੍ਹ ।
ਰੱਖਦਾ ਏ ਆਪਣਾ ਹਰ ਕੋਈ ਹਿਸਾਬ ਅੱਜ ਕੱਲ੍ਹ ।
ਟੀ.ਵੀ.ਟਾਵਰਾਂ ਦਾ ਕਹਿਰ, ਮਰ ਰਹੇ ਬਦਨਸੀਬ ਪੰਛੀ,
ਆਦਮੀ ਆਦਮੀ ਦਾ ਭਾਲਦਾ ਹੈ ਕਬਾਬ ਅੱਜ ਕੱਲ੍ਹ ।
ਛਪ ਜਾਵੇ ਅਮੀਰੀ ਦੀ ਛਾਪ ਹਰ ਜ਼ਿਹਨ ‘ਤੇ,
ਪਾਣੀ ਵਾਂਗ ਪਈ ਹੈ ਡੁੱਲ੍ਹਦੀ ਸ਼ਰਾਬ ਅੱਜ ਕੱਲ੍ਹ ।
ਸਰਵਣ ਪੁੱਤਰਾਂ ਦੀ ਪਨੀਰੀ ਸ਼ਾਇਦ ਮੁੱਕ ਹੈ ਗਈ,
ਬਣਿਆ ਹੈ ਹਰ ਲਾਡਲਾ ਇੱਥੇ ਨਵਾਬ ਅੱਜ ਕੱਲ੍ਹ ।
ਇੱਜਤ ਵੱਡਿਆਂ ਦੀ ਮਨਫੀ ਦਿਲਾਂ ‘ਚੋਂ ਹੋ ਗਈ ,
ਦਿੰਦਾ ਏ ਹਰ ਛੋਟਾ, ਵੱਡੇ ਨੂੰ ਜਵਾਬ ਅੱਜ ਕੱਲ੍ਹ ।
ਸਮੇਂ ਦੀ ਹਵਾ ਨੂੰ ਖੌਰੇ ਕੀ ਹਵਾ ਹੈ ਵਗ ਗਈ,
ਕੰਡਾ ਰਾਹ ਦਾ ਸਮਝਦਾ ਹੈ ਗ਼ੁਲਾਬ ਅੱਜ ਕੱਲ੍ਹ।