ਪੋਹ ਦੀ ਬਾਰਸ਼ ਪੰਛੀਆਂ ਨਾਲ ਭਰੀਆ ਟਹਿਣੀਆਂ,
ਕੁੰਗੜ ਕੇ ਰੁਖੀ ਬੈਠੇ ਸਾਰੇ ਕਰਨ ਕਹਾਣੀਆਂ॥
ਕੁਝ ਉਡ ਚਲੇ ਭਾਲਣ ਹੋਰ ਟਿਕਾਣਿਆਂ ਨੂੰ,
ਕੁਝ ਆਣ ਬੈਠਣ ਫਿਰ ਮਲ ਲੈਣ ਟਹਿਣੀਆ॥
ਕੁਝ ਭਰੀ ਚੁੰਝ ਬੈਠੇ ਬੋਟਾਂ ਲਈ ਆਹਾਰ ਲੈ ਕੇ,
ਕੁਝ ਲੁਕੋਈ ਬੈਠੇ ਬੋਟ ਬਣ ਕੇ ਸਿਆਣੀਆ॥
ਚੁੰਝ ਵਿਚ ਚੁੰਝ ਪਾ ਕੇ ਕਰਨ ਕਲੋਲਾਂ ਬਾਹਲੇ,
ਕੁਝ ਸੋਚਾਂ ਵਿਚ ਬੈਠੇ ਕੀਕਣ ਰਾਤਾਂ ਨੇ ਲੰਘਾਣੀਆਂ॥
ਆਹਲਣਿਆਂ ਚੋਂ ਕਢ ਧੌਣਾਂ ਝਾਕਦੇ ਨੇ ਬੋਟ ਬਾਹਰ,
ਪੇਟ ਭਰ ਉਹਨਾ ਕਦ ਸੁੰਢੀਆ ਨੇ ਖਾਣੀਆ॥
ਠੰਡ ਅਤੇ ਬਾਰਸ਼ ਨਾਲੋਂ ਸੰਤਾਪ ਲਗੇ ਪੇਟ ਵਾਲਾ,
ਕੋਠਿਆਂ ਤੇ ਚੋਗਾ ਪਾਉਣ ਆਈਆ ਨਹੀਂ ਸੁਆਣੀਆ॥
ਬਚਿਆਂ ਦੇ ਮੂੰਹੋਂ ਭੋਰੇ ਡਿਗਣ ਜਿਹੜੇ ਧਰਤ ਉਤੇ,
ਅਜ ਉਹ ਨਹੀਂ ਆਏ ਯਾਰ ਬੰਨ ਬੰਨ ਢਾਣੀਆਂ॥